ਓਮ ਬਿਰਲਾ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਬਣ ਗਏ ਹਨ। ਪ੍ਰੋਟੈਮ ਸਪੀਕਰ ਭਰਤਰਿਹਰੀ ਮਹਿਤਾਬ ਨੇ ਉਨ੍ਹਾਂ ਨੂੰ ਆਵਾਜ਼ੀ ਵੋਟ ਰਾਹੀਂ ਜੇਤੂ ਐਲਾਨ ਦਿੱਤਾ। ਜਿਸ ਤੋਂ ਬਾਅਦ ਪੀ ਐਮ ਮੋਦੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਨ੍ਹਾਂ ਨੂੰ ਆਸਨ ਤੱਕ ਲੈ ਕੇ ਗਏ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ।
ਲਗਾਤਾਰ ਤਿੰਨ ਵਾਰ ਵਿਧਾਇਕ ਬਣੇ
ਓਮ ਬਿਰਲਾ 2003 ਤੋਂ ਲਗਾਤਾਰ ਹਰ ਚੋਣ ਜਿੱਤਦੇ ਆ ਰਹੇ ਹਨ। ਸਾਲ 2003 ਵਿੱਚ, ਉਨ੍ਹਾਂ ਨੇ ਕੋਟਾ ਤੋਂ ਪਹਿਲੀ ਵਿਧਾਨ ਸਭਾ ਚੋਣ ਲੜੀ ਅਤੇ ਜਿੱਤੀ। ਇਸ ਤੋਂ ਬਾਅਦ 2008 ਵਿੱਚ ਉਨ੍ਹਾਂ ਨੇ ਕੋਟਾ ਦੱਖਣੀ ਸੀਟ ਤੋਂ ਕਾਂਗਰਸ ਦੀ ਸ਼ਾਂਤੀ ਧਾਰੀਵਾਲ ਨੂੰ ਹਰਾ ਕੇ ਵਿਧਾਨ ਸਭਾ ਚੋਣ ਜਿੱਤੀ। ਉਨ੍ਹਾਂ ਨੇ 2013 ਵਿੱਚ ਕੋਟਾ ਦੱਖਣੀ ਤੋਂ ਤੀਜੀ ਵਿਧਾਨ ਸਭਾ ਚੋਣ ਵੀ ਜਿੱਤੀ ਸੀ।
2014 ਵਿੱਚ ਪਹਿਲੀ ਵਾਰ ਲੋਕ ਸਭਾ ਚੋਣ ਲੜੀ
2014 ਦੀਆਂ ਲੋਕ ਸਭਾ ਚੋਣਾਂ ਵਿੱਚ, ਭਾਜਪਾ ਨੇ ਓਮ ਬਿਰਲਾ ਨੂੰ ਕੋਟਾ ਸੰਸਦੀ ਸੀਟ ਤੋਂ ਉਮੀਦਵਾਰ ਖੜ੍ਹਾ ਕੀਤਾ ਸੀ। ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। 2019 'ਚ ਬਿਰਲਾ ਫਿਰ ਤੋਂ ਸੰਸਦ ਮੈਂਬਰ ਚੁਣੇ ਗਏ ਅਤੇ ਇਸ ਵਾਰ ਭਾਜਪਾ ਨੇ ਉਨ੍ਹਾਂ ਨੂੰ ਸਪੀਕਰ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਭਾਵੇਂ ਉਨ੍ਹਾਂ ਕੋਲ ਲੰਬਾ ਸੰਸਦੀ ਤਜਰਬਾ ਨਹੀਂ ਸੀ ਪਰ ਜਿਸ ਤਰ੍ਹਾਂ ਉਨ੍ਹਾਂ ਨੇ ਲੋਕ ਸਭਾ ਚਲਾਈ, ਉਸ ਦੀ ਹਰ ਕਿਸੇ ਨੇ ਤਾਰੀਫ਼ ਕੀਤੀ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਦਰਜ ਕਰਨ ਤੋਂ ਬਾਅਦ ਬਿਰਲਾ ਇੱਕ ਵਾਰ ਫਿਰ ਲੋਕ ਸਭਾ ਸਪੀਕਰ ਬਣ ਗਏ ਹਨ।