ਪੰਜਾਬ ਵਿੱਚ ਠੰਡ ਵਧਣ ਦੇ ਨਾਲ-ਨਾਲ ਧੁੰਦ ਨੇ ਵੀ ਆਪਣਾ ਪ੍ਰਕੋਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਵੀ ਪੰਜਾਬ ਦੇ ਛੇ ਜ਼ਿਲ੍ਹੇ ਧੁੰਦ ਦੀ ਲਪੇਟ ਵਿੱਚ ਰਹੇ, ਜਿੱਥੇ ਵਿਜ਼ੀਬਿਲਟੀ 50 ਮੀਟਰ ਦੇ ਕਰੀਬ ਦਰਜ ਕੀਤੀ ਗਈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 21 ਦਸੰਬਰ ਤੱਕ ਸੰਘਣੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਵੀ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 22 ਦਸੰਬਰ ਅਤੇ ਉਸ ਤੋਂ ਬਾਅਦ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਅੰਮ੍ਰਿਤਸਰ ਜ਼ਿਲਾ ਸ਼ਿਮਲਾ ਨਾਲੋਂ ਵੀ ਠੰਡਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਫਰੀਦਕੋਟ ਦਾ ਘੱਟੋ-ਘੱਟ ਤਾਪਮਾਨ 4.4, ਗੁਰਦਾਸਪੁਰ ਦਾ 4.6, ਲੁਧਿਆਣਾ ਦਾ 9.8, ਰੋਪੜ ਦਾ 5.5, ਬਠਿੰਡਾ ਦਾ 5.8, ਪਟਿਆਲਾ ਦਾ 7.6 ਅਤੇ ਚੰਡੀਗੜ੍ਹ ਦਾ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸੀਤ ਲਹਿਰ 21 ਦਸੰਬਰ ਤੱਕ ਰਹੇਗੀ
ਵਿਭਾਗ ਮੁਤਾਬਕ ਸੂਬੇ ਵਿੱਚ 21 ਦਸੰਬਰ ਤੱਕ ਸੀਤ ਲਹਿਰ ਜਾਰੀ ਰਹੇਗੀ। ਜਿਸ ਕਾਰਨ ਘੱਟੋ-ਘੱਟ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਹੇਠਾਂ ਆ ਸਕਦਾ ਹੈ ਅਤੇ ਸੰਘਣੀ ਧੁੰਦ ਵੀ ਵਧੇਗੀ। ਇਸ ਦੌਰਾਨ ਵਿਜ਼ੀਬਿਲਟੀ ਵੀ ਪੰਜਾਹ ਫੀਸਦੀ ਤੋਂ ਘੱਟ ਰਹਿ ਸਕਦੀ ਹੈ।
ਠੰਡੀਆਂ ਹਵਾਵਾਂ ਕਾਰਨ ਲੁੜਕੇਗਾ ਪਾਰਾ
22 ਦਸੰਬਰ ਤੋਂ ਬਾਅਦ ਪੰਜਾਬ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 23 ਦਸੰਬਰ ਤੋਂ ਬਾਅਦ ਸੂਬੇ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਅਜਿਹਾ ਪੱਛਮੀ ਗੜਬੜੀ ਕਾਰਨ ਹੋਵੇਗਾ। ਇਸ ਦੇ ਨਾਲ ਹੀ ਕੁਝ ਸਮੇਂ ਤੋਂ ਪਹਾੜਾਂ 'ਤੇ ਤਾਜ਼ਾ ਬਰਫਬਾਰੀ ਵੀ ਹੋਈ ਹੈ। ਮੈਦਾਨੀ ਇਲਾਕਿਆਂ ਵਿੱਚ ਸੁੱਕੀ ਠੰਡ ਕਾਰਨ ਪੰਜਾਬ ਦੇ ਸ਼ਹਿਰਾਂ ਵਿੱਚ ਠੰਡੀਆਂ ਹਵਾਵਾਂ ਚੱਲਣ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ।