ਖਬਰਿਸਤਾਨ ਨੈੱਟਵਰਕ- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਦੁਪਹਿਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ ਹੁਣ ਤੱਕ 27 ਲੋਕਾਂ ਦੀ ਮੌਤ ਹੋ ਗਈ ਹੈ। ਲਸ਼ਕਰ-ਏ-ਤੋਇਬਾ ਦੇ ਵਿੰਗ ਦ ਰੇਸਿਸਟੈਂਸ ਫਰੰਟ ਯਾਨੀ ਟੀਆਰਐਫ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ। ਅੱਤਵਾਦੀਆਂ ਨੇ ਸੈਲਾਨੀਆਂ 'ਤੇ ਗੋਲੀਬਾਰੀ ਕੀਤੀ, ਜਿਸ ਵਿੱਚ 2 ਵਿਦੇਸ਼ੀ ਸੈਲਾਨੀਆਂ ਸਮੇਤ 27 ਲੋਕ ਮਾਰੇ ਗਏ।
ਦੋ ਵਿਦੇਸ਼ੀ ਅੱਤਵਾਦੀ ਅਤੇ ਦੋ ਸਥਾਨਕ ਅੱਤਵਾਦੀ ਸ਼ਾਮਲ ਸਨ
ਮ੍ਰਿਤਕਾਂ ਵਿੱਚ ਯੂ ਪੀ, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ ਅਤੇ ਓਡੀਸ਼ਾ ਦੇ ਸੈਲਾਨੀ ਸ਼ਾਮਲ ਹਨ। ਨੇਪਾਲ ਅਤੇ ਯੂਏਈ ਦੇ ਇੱਕ-ਇੱਕ ਸੈਲਾਨੀ ਅਤੇ ਦੋ ਸਥਾਨਕ ਲੋਕਾਂ ਦੀ ਵੀ ਮੌਤ ਹੋ ਗਈ। ਗੋਲੀਬਾਰੀ ਤੋਂ ਬਾਅਦ ਅੱਤਵਾਦੀ ਭੱਜ ਗਏ। ਮਿਲੀ ਜਾਣਕਾਰੀ ਅਨੁਸਾਰ ਪਹਿਲਗਾਮ ਹਮਲੇ ਵਿੱਚ ਦੋ ਵਿਦੇਸ਼ੀ ਅੱਤਵਾਦੀ ਅਤੇ ਦੋ ਸਥਾਨਕ ਅੱਤਵਾਦੀ ਸ਼ਾਮਲ ਸਨ।
ਪਹਿਲਗਾਮ ਵਿੱਚ ਆਰਮੀ ਵਲੋਂ ਸਰਚ ਆਪ੍ਰੇਸ਼ਨ ਜਾਰੀ
ਹਮਲੇ ਤੋਂ ਬਾਅਦ ਪਹਿਲਗਾਮ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਜਾਰੀ ਹੈ। ਸੈਲਾਨੀਆਂ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਭੱਜਣ ਵਾਲੇ ਅੱਤਵਾਦੀਆਂ ਦੀ ਭਾਲ ਲਈ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਨਾਲ ਹੀ ਕਸ਼ਮੀਰ ਤੋਂ ਸੈਲਾਨੀਆਂ ਨੂੰ ਜਲਦੀ ਤੋਂ ਜਲਦੀ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਸਾਊਦੀ ਅਰਬ ਦੌਰੇ ਤੋਂ ਵਾਪਸ ਪਰਤੇ
ਇਸ ਹਮਲੇ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਸਵੇਰੇ ਸਾਊਦੀ ਅਰਬ ਦੀ ਆਪਣੀ ਦੋ ਦਿਨਾਂ ਯਾਤਰਾ ਛੱਡ ਕੇ ਭਾਰਤ ਵਾਪਸ ਆ ਗਏ। ਜਿਵੇਂ ਹੀ ਉਹ ਦਿੱਲੀ ਪਹੁੰਚੇ, ਉਨ੍ਹਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਸੰਬੰਧੀ ਹਵਾਈ ਅੱਡੇ 'ਤੇ ਇੱਕ ਵੱਡੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਅਜੀਤ ਡੋਭਾਲ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਮੌਜੂਦ ਸਨ। ਇਸ ਦੇ ਨਾਲ ਹੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਆਰਮਡ ਪੁਲਿਸ ਹੈੱਡਕੁਆਰਟਰ ਪਹੁੰਚੇ, ਜਿੱਥੇ ਉਨ੍ਹਾਂ ਨੇ ਮ੍ਰਿਤਕ ਦੇਹਾਂ ਨੂੰ ਸ਼ਰਧਾਂਜਲੀ ਦਿੱਤੀ, ਜਿਸ ਤੋਂ ਬਾਅਦ ਗ੍ਰਹਿ ਮੰਤਰੀ ਸ੍ਰੀਨਗਰ ਦੇ ਹਸਪਤਾਲ ਜਾਣਗੇ ਜਿੱਥੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਉੜੀ ਵਿੱਚ 2 ਅੱਤਵਾਦੀ ਮਾਰੇ ਗਏ
ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ, ਬੁੱਧਵਾਰ ਨੂੰ ਉੜੀ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਭਾਰਤੀ ਫੌਜ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਦੁਨੀਆ ਭਰ ਦੇ ਨੇਤਾਵਾਂ ਨੇ ਨਿੰਦਾ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ, ਇਜ਼ਰਾਈਲੀ ਵਿਦੇਸ਼ ਮੰਤਰੀ ਗਿਡੀਅਨ ਮੋਸ਼ੇ ਸਾ'ਆਰ ਆਦਿ ਨੇ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ।
ਨਾਂ ਪੁੱਛਿਆ, ਫਿਰ ਮਾਰੀ ਗੋਲੀ
ਮੀਡੀਆ ਰਿਪੋਰਟਾਂ ਅਨੁਸਾਰ, ਅੱਤਵਾਦੀਆਂ ਨੇ ਇੱਕ ਸੈਲਾਨੀ ਤੋਂ ਉਸ ਦਾ ਨਾਂ ਪੁੱਛਿਆ ਅਤੇ ਫਿਰ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਫਿਰ ਉਹ ਦੂਜੇ ਸੈਲਾਨੀਆਂ 'ਤੇ ਗੋਲੀਬਾਰੀ ਕਰਦੇ ਹੋਏ ਭੱਜ ਗਏ। ਘਟਨਾ ਤੋਂ ਬਾਅਦ, ਸੁਰੱਖਿਆ ਬਲਾਂ ਨੇ ਪਹਿਲਗਾਮ ਵਿੱਚ ਹਮਲਾ ਕੀਤੇ ਗਏ ਇਲਾਕੇ ਨੂੰ ਘੇਰ ਲਿਆ ਹੈ। ਹੈਲੀਕਾਪਟਰਾਂ ਤੋਂ ਵੀ ਨਿਗਰਾਨੀ ਰੱਖੀ ਜਾ ਰਹੀ ਹੈ।
ਰਾਜੌਰੀ ਵਿੱਚ ਅੱਜ ਸਾਰੇ ਸਕੂਲ ਬੰਦ
ਇਸ ਦੇ ਨਾਲ ਹੀ, ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੇ ਮੱਦੇਨਜ਼ਰ ਜ਼ਿਲ੍ਹਾ ਰਾਜੌਰੀ ਦੇ ਸਾਰੇ ਸਰਕਾਰੀ/ਨਿੱਜੀ ਸਕੂਲ 23 ਅਪ੍ਰੈਲ ਨੂੰ ਬੰਦ ਰਹਿਣਗੇ। ਮੁੱਖ ਸਿੱਖਿਆ ਅਧਿਕਾਰੀ (ਸੀਈਓ) ਰਾਜੌਰੀ ਨੇ ਇਸ ਸੰਬੰਧੀ ਆਦੇਸ਼ ਜਾਰੀ ਕੀਤੇ ਹਨ।