ਜਲੰਧਰ ਵਿੱਚ ਲੋਕਾਂ ਨੇ ਡੀਸੀ ਦਫ਼ਤਰ ਦੇ ਸਾਹਮਣੇ ਪੁੱਡਾ ਕੰਪਲੈਕਸ ਤੋਂ ਇੱਕ ਵਿਅਕਤੀ ਨੂੰ ਬੁਲੇਟ ਬਾਈਕ ਚੋਰੀ ਕਰਦੇ ਹੋਏ ਰੰਗੇ ਹੱਥੀਂ ਫੜ ਲਿਆ, ਜਿਸ ਤੋਂ ਬਾਅਦ ਲੋਕਾਂ ਨੇ ਉਸ ਦੀ ਛਿੱਤਰ ਪਰੇਡ ਕੀਤੀ। ਫਿਰ ਲੋਕਾਂ ਨੇ ਚੋਰ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।
ਹੈਂਡਲ ਦਾ ਲਾਕ ਤੋੜ ਚੁੱਕਾ ਸੀ ਚੋਰ
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪਰਮਵੀਰ ਸਿੰਘ ਨੇ ਦੱਸਿਆ ਕਿ ਚੋਰ ਨੇ ਬੁਲੇਟ ਦਾ ਹੈਂਡਲ ਲਾਕ ਤੋੜ ਦਿੱਤਾ ਸੀ। ਉਸ ਕੋਲ ਚਾਬੀ ਨਹੀਂ ਸੀ ਅਤੇ ਉਹ ਤਾਰਾਂ ਜੋੜ ਕੇ ਬੁਲੇਟ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਕਾਫ਼ੀ ਦੇਰ ਤੱਕ ਲੱਤਾਂ ਮਾਰਦਾ ਰਿਹਾ, ਜਦੋਂ ਬੁਲੇਟ ਦੇ ਮਾਲਕ ਨੇ ਇਹ ਦੇਖਿਆ ਤਾਂ ਉਹ ਭੱਜਿਆ ਅਤੇ ਚੋਰ ਨੂੰ ਫੜ ਲਿਆ, ਜਿਸ ਤੋਂ ਬਾਅਦ ਲੋਕਾਂ ਨੇ ਉਸ ਦਾ ਕੁਟਾਪਾ ਚਾੜ੍ਹਿਆ।
ਚੋਰ ਤੋਂ ਫ਼ੋਨ ਵੀ ਬਰਾਮਦ ਹੋਇਆ
ਪੁੱਛਗਿੱਛ ਦੌਰਾਨ ਚੋਰ ਨੇ ਦੱਸਿਆ ਕਿ ਉਹ ਨਕੋਦਰ ਮਲਸੀਆਂ ਦਾ ਰਹਿਣ ਵਾਲਾ ਹੈ। ਚੋਰ ਤੋਂ ਫ਼ੋਨ ਵੀ ਬਰਾਮਦ ਕਰ ਲਿਆ ਗਿਆ ਹੈ। ਜਦੋਂ ਲੋਕਾਂ ਨੇ ਚੋਰ ਨੂੰ ਕੁੱਟਿਆ ਤਾਂ ਉਹ ਬੇਹੋਸ਼ ਹੋਣ ਦਾ ਨਾਟਕ ਕਰਨ ਲੱਗਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਘਟਨਾ ਦੀ ਸੂਚਨਾ ਪੁਲਸ ਨੂੰ ਮਿਲੇ ਅੱਧੇ ਘੰਟੇ ਤੋਂ ਵੱਧ ਸਮਾਂ ਹੋ ਗਿਆ ਸੀ ਪਰ ਪੁਲਸ ਮੌਕੇ 'ਤੇ ਨਹੀਂ ਪਹੁੰਚੀ।