ਖੰਨਾ ਦੇ ਸ੍ਰੀ ਮਾਛੀਵਾੜਾ ਸਾਹਿਬ ਇਲਾਕੇ ਵਿੱਚ ਕਾਂਗਰਸ ਦੀ ਇੱਕ ਚੋਣ ਰੈਲੀ ਵਿੱਚ ਵੰਡੀ ਜਾ ਰਹੀ ਸ਼ਰਾਬ ਦੀ ਵੀਡੀਓ ਵਾਇਰਲ ਹੋਈ ਹੈ। ਜਿਸ 'ਤੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ। ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਅਮਰ ਸਿੰਘ ਰੈਲੀ ਨੂੰ ਸੰਬੋਧਨ ਕਰ ਰਹੇ ਸਨ । ਜਿਸ ਤੋਂ ਬਾਅਦ ਰੈਲੀ 'ਚ ਆਏ ਲੋਕ ਹੱਥਾਂ 'ਚ ਸ਼ਰਾਬ ਫੜੀ ਨਜ਼ਰ ਆਏ। ਵਿਰੋਧੀ ਪਾਰਟੀਆਂ ਨੇ ਹੁਣ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।
'ਆਪ' ਨੇ ਕਾਂਗਰਸ ਪਾਰਟੀ ਨੂੰ ਘੇਰ ਲਿਆ
ਹੁਣ ਇਸ 'ਤੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਕਾਂਗਰਸੀ ਉਮੀਦਵਾਰ ਅਮਰ ਸਿੰਘ 'ਤੇ ਸਵਾਲ ਚੁੱਕੇ ਹਨ। ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਦੀ ਗੱਲ ਕੀਤੀ ਸੀ। ਖੰਨਾ ਪਹੁੰਚੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਅਮਰ ਸਿੰਘ ਭਾਵੇਂ ਡਾਕਟਰ ਹੈ ਪਰ ਅਸਲ ਵਿੱਚ ਉਹ ਨਸ਼ਾ ਵੇਚ ਕੇ ਵੋਟਾਂ ਹਾਸਲ ਕਰਨਾ ਚਾਹੁੰਦਾ ਹੈ। ਜਦੋਂ ਵੋਟਾਂ ਆਉਂਦੀਆਂ ਹਨ ਤਾਂ ਵੋਟਾਂ ਲੈਣ ਲਈ ਨਸ਼ੇ ਵੇਚ ਦੇ ਹਨ। ਕਾਂਗਰਸ ਆਪਣੀ ਹਾਰ ਦੇਖ ਕੇ ਬੋਖਲ਼ਾ ਗਈ ਹੈ |
ਉਨ੍ਹਾਂ ਕਿਹਾ ਕਿ ਇਹ ਕਾਂਗਰਸ ਅਤੇ ਅਕਾਲੀ ਦਲ ਦਾ ਪੁਰਾਣਾ ਸੱਭਿਆਚਾਰ ਹੈ। ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ 350 ਲੋਕ ਮਾਰੇ ਗਏ ਸਨ। ਉਹ ਜ਼ਹਿਰੀਲੀ ਸ਼ਰਾਬ ਵੇਚ ਕੇ ਲੋਕਾਂ ਦੇ ਘਰ ਉਜਾੜਨਾ ਚਾਹੁੰਦੇ ਹਨ। ਜੋੜੇਮਾਜਰਾ ਨੇ ਕਿਹਾ ਪਰ ਆਮ ਆਦਮੀ ਪਾਰਟੀ ਵੋਟਰਾਂ ਨੂੰ ਕਿਸੇ ਕਿਸਮ ਦਾ ਲਾਲਚ ਨਹੀਂ ਦੇਵੇਗੀ। ਜੇਕਰ ਲੋਕਾਂ ਨੂੰ ਸਰਕਾਰ ਦਾ ਕੰਮ ਪਸੰਦ ਹੈ ਤਾਂ ਉਹ ਵੋਟ ਪਾਉਣਗੇ। ਕਾਂਗਰਸ ਵੱਲੋਂ ਸ਼ਰਾਬ ਵੰਡਣ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਜਾਵੇਗੀ।
ਵੀਡੀਓ 'ਚ ਲੋਕ ਬੋਤਲਾਂ ਚੁੱਕਦੇ ਨਜ਼ਰ ਆ ਰਹੇ ਹਨ
ਵੀਡੀਓ 'ਚ ਲੋਕ ਚੋਣ ਪ੍ਰਚਾਰ ਤੋਂ ਬਾਅਦ ਸ਼ਰਾਬ ਦੀਆਂ ਬੋਤਲਾਂ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ। ਜਿਸ ਵਿੱਚ ਵਿਅਕਤੀ ਨੇ ਇੱਕ ਬੋਤਲ ਆਪਣੇ ਹੱਥ ਵਿੱਚ ਫੜੀ ਹੋਈ ਹੈ ਅਤੇ ਦੂਜੀ ਉਸਨੇ ਡੱਬ 'ਚ ਰੱਖੀ । ਜਦੋਂ ਇਸ ਵਿਅਕਤੀ ਤੋਂ ਪੁੱਛਿਆ ਗਿਆ ਕਿ ਉਹ ਸ਼ਰਾਬ ਕਿੱਥੋਂ ਲੈ ਕੇ ਆਇਆ ਹੈ ਤਾਂ ਉਹ ਹੱਥ 'ਚ ਫੜਿਆ ਕਾਂਗਰਸੀ ਉਮੀਦਵਾਰ ਦਾ ਪੋਸਟਰ ਵਿਖਾਉਂਦਾ ਹੈ।
ਕਾਂਗਰਸ ਵੱਲੋਂ ਸ਼ਰਾਬ ਵੰਡਣ ਦੀ ਵੀਡੀਓ ਸਾਹਮਣੇ ਆਉਣ 'ਤੇ ਫ਼ਤਹਿਗੜ੍ਹ ਸਾਹਿਬ ਚੋਣ ਪ੍ਰਚਾਰ ਕਮੇਟੀ ਦੇ ਇੰਚਾਰਜ ਅਤੇ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਖੰਨਾ ਨੇੜਲੇ ਪਿੰਡ ਬਾਹੋਮਾਜਰਾ 'ਚ ਨਕਲੀ ਸ਼ਰਾਬ ਦੀ ਫੈਕਟਰੀ ਲਗਾਈ ਗਈ ਸੀ। ਕਰੋਨਾ ਦੌਰਾਨ ਕਾਂਗਰਸੀਆਂ ਨੇ ਕਰੋੜਾਂ ਰੁਪਏ ਦੀ ਸ਼ਰਾਬ ਵੇਚੀ, ਉਸੇ ਫੈਕਟਰੀ ਦਾ ਸਟਾਕ ਸੰਭਾਲਿਆ ਹੋਇਆ ਹੈ ਜਿਸਨੂੰ ਕਾਂਗਰਸ ਚੋਣਾਂ ਦੌਰਾਨ ਲੋਕਾਂ ਵਿੱਚ ਵੰਡ ਰਹੀ ਹੈ। ਇਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਭਾਜਪਾ ਉਮੀਦਵਾਰ ਨੇ ਕੀ ਕਿਹਾ?
ਭਾਜਪਾ ਉਮੀਦਵਾਰ ਗੇਜਾ ਰਾਮ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਪੰਜਾਬ ਵਿੱਚ ਕਈ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ। ਕਈ ਗਰੀਬ ਲੋਕ ਸ਼ਰਾਬ ਪੀ ਕੇ ਆਪਣੀ ਜਾਨ ਗੁਆ ਰਹੇ ਹਨ। ਇਸ ਦੇ ਬਾਵਜੂਦ ਵੀ ਕਾਂਗਰਸ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੀ ਹੈ। ਗੇਜਾ ਰਾਮ ਨੇ ਕਿਹਾ ਕਿ ਭਾਜਪਾ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ।
ਕਾਂਗਰਸੀ ਕੌਂਸਲਰ ਨੇ ਕਿਹਾ- ਸਾਰੇ ਦੋਸ਼ ਬੇਬੁਨਿਆਦ ਹਨ
ਜਦੋਂ ਰੈਲੀ ਦਾ ਆਯੋਜਨ ਕਰਨ ਵਾਲੇ ਸ੍ਰੀ ਮਾਛੀਵਾੜਾ ਸਾਹਿਬ ਤੋਂ ਕਾਂਗਰਸੀ ਕੌਂਸਲਰ ਪਰਮਜੀਤ ਸਿੰਘ ਨੇ ਕਿਹਾ ਕਿ ਕਿਸੇ ਨੇ ਵੀ ਸ਼ਰਾਬ ਨਹੀਂ ਵੰਡੀ। ਸਾਰੇ ਦੋਸ਼ ਬੇਬੁਨਿਆਦ ਹਨ। ਕਾਂਗਰਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।