ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਹੁਣ ਪੀਜ਼ਾ ਏਟੀਐਮ ਖੁੱਲ੍ਹ ਗਿਆ ਹੈ, ਜੋ ਇਕੋ ਸਮੇਂ 100 ਪੀਜ਼ਾ ਤਿਆਰ ਕਰ ਦਿੰਦਾ ਹੈ। ਇਹ ਪੀਜ਼ਾ ਵੈਂਡਿੰਗ ਮਸ਼ੀਨ ਉੱਤਰੀ ਭਾਰਤ ਵਿੱਚ ਅਜਿਹੀ ਪਹਿਲੀ ਮਸ਼ੀਨ ਹੈ।
ਦੱਸ ਦੇਈਏ ਕਿ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਲਾਇਸੈਂਸ ਦੇ ਨਾਲ ਸ਼ੇਅਰਿੰਗ ਦੇ ਆਧਾਰ 'ਤੇ ਇਹ ਪੀਜ਼ਾ ਏਟੀਐਮ ਖੋਲ੍ਹਿਆ ਹੈ, ਹੁਣ ਲੋਕ ਸੁਖਨਾ ਝੀਲ ਦੇ ਨਾਲ ਪੀਜ਼ਾ ਦਾ ਆਨੰਦ ਵੀ ਮਾਣ ਸਕਦੇ ਹਨ।
3 ਮਿੰਟਾਂ 'ਚ ਪੀਜ਼ਾ ਤਿਆਰ
ਸਿਟਕੋ ਦੇ ਅਧਿਕਾਰੀਆਂ ਮੁਤਾਬਕ ਇਹ ਪਹਿਲੀ ਅਜਿਹੀ ਮਸ਼ੀਨ ਹੈ, ਜੋ 3 ਮਿੰਟਾਂ 'ਚ ਤੁਹਾਨੂੰ ਪੀਜ਼ਾ ਤਿਆਰ ਕਰ ਕੇ ਪਰੋਸ ਦੇਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਇੱਕ ਮਹੀਨਾ ਪਹਿਲਾਂ ਇਹ ਪੀਜ਼ਾ ਏਟੀਐਮ ਮਸ਼ੀਨ ਇੱਥੇ ਲਗਾਈ ਗਈ ਸੀ। ਇਸ ਤੋਂ ਪਹਿਲਾਂ ਮੁੰਬਈ ਰੇਲਵੇ ਸਟੇਸ਼ਨ 'ਤੇ ਵੀ ਅਜਿਹੀ ਮਸ਼ੀਨ ਲਗਾਈ ਜਾ ਚੁੱਕੀ ਹੈ। iMetrics World Wide ਦੇ ਡਾਕਟਰ ਰੋਹਿਤ ਸ਼ਰਮਾ ਨੂੰ ਇਸ ਪੀਜ਼ਾ ਕਿਓਸਕ ਨੂੰ ਚਲਾਉਣ ਦਾ ਲਾਇਸੈਂਸ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਸ ਨੂੰ ਫਰਾਂਸ ਤੋਂ ਪੀਜ਼ਾ ਏਟੀਐਮ ਦਾ ਸੰਕਲਪ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਭਾਰਤ ਵਿੱਚ ਅਜ਼ਮਾਉਣ ਦਾ ਫੈਸਲਾ ਕੀਤਾ ਤੇ ਇਸ ਨੂੰ ਸੁਖਨਾ ਝੀਲ ਉਤੇ ਸਥਾਪਤ ਕੀਤਾ। ਇਹ ਇੱਕ ਮਹਿੰਗੀ ਮਸ਼ੀਨ ਹੈ, ਇਸ ਲਈ ਅਸੀਂ ਮਸ਼ੀਨ ਨੂੰ ਖੁਦ ਬਣਾਉਣ ਦਾ ਫੈਸਲਾ ਕੀਤਾ ਅਤੇ ਇਸ ਮਸ਼ੀਨ ਨੂੰ ਮੋਹਾਲੀ ਸਥਿਤ ਆਪਣੀ ਫੈਕਟਰੀ ਵਿੱਚ ਬਣਾਇਆ।
100 ਪੀਜ਼ਾ ਇੱਕੋ ਸਮੇਂ ਤਿਆਰ ਕੀਤੇ ਜਾ ਸਕਦੇ ਹਨ
ਉਨ੍ਹਾਂ ਅੱਗੇ ਦੱਸਿਆ ਕਿ ਆਈ ਮੈਕਸ ਵਰਲਡ ਵਾਈਡ ਨੇ ਪਹਿਲਾਂ ਵੀ ਮੁੰਬਈ ਰੇਲਵੇ ਸਟੇਸ਼ਨ 'ਤੇ ਅਜਿਹੀ ਹੀ ਇੱਕ ਪੀਜ਼ਾ ਏਟੀਐਮ ਮਸ਼ੀਨ ਲਗਾਈ ਸੀ ਪਰ ਕੋਵਿਡ ਤੋਂ ਬਾਅਦ ਇਸ ਮਸ਼ੀਨ ਨੂੰ ਚੰਗਾ ਹੁੰਗਾਰਾ ਨਹੀਂ ਮਿਲਿਆ ਅਤੇ ਇਸ ਕਿਓਸਕ ਨੂੰ ਬੰਦ ਕਰਨਾ ਪਿਆ। ਸੁਖਨਾ ਝੀਲ ਵਿਖੇ ਲਗਾਈ ਗਈ ਮਸ਼ੀਨ ਬਾਰੇ ਰੋਹਿਤ ਸ਼ਰਮਾ ਨੇ ਦੱਸਿਆ ਕਿ ਪੀਜ਼ਾ ਏ.ਟੀ.ਐਮ ਮਸ਼ੀਨ ਵਿੱਚ ਇੱਕੋ ਸਮੇਂ 100 ਪੀਜ਼ਾ ਤਿਆਰ ਕੀਤੇ ਜਾ ਸਕਦੇ ਹਨ।