ਖਬਰਿਸਤਾਨ ਨੈੱਟਵਰਕ- ਪੰਜਾਬ ਸਰਕਾਰ ਵਲੋਂ ਭਿਖਾਰੀਆਂ ਦੇ DNA ਟੈਸਟਾਂ ਦੇ ਜ਼ਿਲ੍ਹਿਆਂ ਦੇ DC,s ਨੂੰ ਦਿੱਤੇ ਹੁਕਮਾਂ ਤੋਂ ਬਾਅਦ ਭਿਖਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਲ੍ਹਾ ਅਧਿਕਾਰੀ ਅਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਚਲਾਈ ਗਈ ਇੱਕ ਵਿਸ਼ੇਸ਼ ਮੁਹਿੰਮ ਤਹਿਤ ਭੀਖ ਮੰਗਣ ਵਾਲੀਆਂ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਔਰਤਾਂ ਬੱਚਿਆਂ ਨੂੰ ਭੀਖ ਮੰਗਣ ਲਈ ਆਟੋ ਵਿੱਚ ਲਿਆਉਂਦੀਆਂ ਹਨ
ਇਸ ਮੌਕੇ ਸਮਾਜ ਸੇਵਕ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਦਿਨ ਦੇ ਸ਼ੁਰੂ ਵਿੱਚ ਬੱਚਿਆਂ ਨੂੰ ਆਟੋ ਵਿੱਚ ਲਿਆਉਂਦੀਆਂ ਹਨ ਅਤੇ ਉਨ੍ਹਾਂ ਤੋਂ ਭੀਖ ਮੰਗਵਾਉਂਦੀਆਂ ਹਨ। ਇਸ ਗੈਰ-ਕਾਨੂੰਨੀ ਕੰਮ ਨੂੰ ਰੋਕਣ ਲਈ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੰਮ ਕੀਤਾ ਗਿਆ। ਕਾਰਵਾਈ ਦੌਰਾਨ ਭੀਖ ਮੰਗਣ ਵਾਲੀਆਂ ਔਰਤਾਂ ਅਤੇ ਬੱਚਿਆਂ ਨੂੰ ਬੱਸ ਵਿੱਚ ਬਿਠਾਇਆ ਗਿਆ।
ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕੀਤਾ ਜਾਵੇਗਾ
ਦੂਜੇ ਪਾਸੇ, ਬਾਲ ਸਿੱਖਿਆ ਅਧਿਕਾਰੀ ਤਰਨਜੀਤ ਸਿੰਘ ਨੇ ਕਿਹਾ ਕਿ ਬੱਚਿਆਂ ਦਾ ਰੈਸਕਿਊ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਟੀਕਾਕਰਨ ਅਤੇ ਜ਼ਰੂਰੀ ਚੀਜ਼ਾਂ ਦੀ ਜਾਂਚ ਕੀਤੀ ਗਈ ਹੈ। ਸਾਰੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਬੱਸ ਵਿੱਚ ਬਿਠਾ ਕੇ ਬਾਲ ਭਲਾਈ ਕਮੇਟੀ ਦੇ ਹਵਾਲੇ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਭਿਖਾਰੀਆਂ ਦਾ ਡੀਐਨਏ ਟੈਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਆਧਾਰ ਕਾਰਡ ਦੁਆਰਾ ਉਨ੍ਹਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਉਸ ਜਗ੍ਹਾ ਭੇਜਣ ਦੀ ਪ੍ਰਕਿਰਿਆ ਜਾਰੀ ਹੈ ਜਿੱਥੇ ਉਹ ਰਹਿੰਦੇ ਹਨ।
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਹੁਕਮ ਮਿਲ ਗਏ ਹਨ
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਸੜਕਾਂ 'ਤੇ ਭੀਖ ਮੰਗਦੀਆਂ ਔਰਤਾਂ, ਬੱਚਿਆਂ ਅਤੇ ਮਰਦਾਂ ਦੇ ਡੀਐਨਏ ਟੈਸਟ ਕਰਵਾਉਣ ਲਈ ਕਿਹਾ ਹੈ। ਤਾਂ ਜੋ ਉਨ੍ਹਾਂ ਸਾਰਿਆਂ ਨੂੰ ਵਾਪਸ ਭੇਜਿਆ ਜਾ ਸਕੇ ਜਿੱਥੋਂ ਉਹ ਆਏ ਸਨ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਅਜਿਹੀ ਕਾਰਵਾਈ ਦੇਖੀ ਜਾ ਸਕਦੀ ਹੈ। ਜੇਕਰ ਕਿਸੇ ਭਿਖਾਰੀ ਦਾ ਉਸ ਦੇ ਬੱਚੇ ਦਾ ਡੀ ਐਨ ਏ ਮੈਚ ਨਹੀਂ ਹੁੰਦਾ ਤਾਂ ਭਿਖਾਰੀ ਉਤੇ ਐਕਸ਼ਨ ਲਿਆ ਜਾਵੇਗਾ, ਇਸ ਦਾ ਮਤਲਬ ਇਹ ਹੋਵੇਗਾ ਕਿ ਉਹ ਕਿਸੇ ਹੋਰ ਦੇ ਬੱਚੇ ਨੂੰ ਅਗਵਾ ਕਰ ਕੇ ਉਸ ਕੋਲੋਂ ਭੀਖ ਮੰਗਵਾ ਰਿਹਾ ਹੈ।