ਖ਼ਬਰਿਸਤਾਨ ਨੈੱਟਵਰਕ: ਅਹਿਮਦਾਬਾਦ ਪਲੇਨ ਕ੍ਰੈਸ਼ ਤੋਂ ਬਾਅਦ ਲਗਾਤਾਰ ਜਹਾਜ਼ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇੰਡੀਗੋ ਫਲਾਈਟ ਦੀ ਮੁੰਬਈ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਏਅਰਲਾਈਨ ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦਿੱਲੀ ਤੋਂ ਉਡਾਣ ਭਰਦੇ ਸਮੇਂ ਫਲਾਈਟ ਵਿੱਚ ਤਕਨੀਕੀ ਨੁਕਸ ਪਾਇਆ ਗਿਆ ਸੀ। ਪ੍ਰੋਟੋਕੋਲ ਦੇ ਅਨੁਸਾਰ, ਜਹਾਜ਼ ਨੂੰ ਮੋੜ ਕੇ ਮੁੰਬਈ ਹਵਾਈ ਅੱਡੇ 'ਤੇ ਉਤਾਰਿਆ ਗਿਆ।
ਦਿੱਲੀ ਤੋਂ ਗੋਆ ਜਾ ਰਹੀ ਇੰਡੀਗੋ ਫਲਾਈਟ ਨੰਬਰ 6E 6271 ਨੂੰ ਬੁੱਧਵਾਰ ਰਾਤ 9.52 ਦੇ ਕਰੀਬ ਮੁੰਬਈ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸੂਤਰਾਂ ਅਨੁਸਾਰ ਫਲਾਈਟ ਦਾ ਇੰਜਣ ਹਵਾ ਵਿੱਚ ਫੇਲ੍ਹ ਹੋ ਗਿਆ। ਜਹਾਜ਼ ਵਿੱਚ 191 ਲੋਕ ਸਵਾਰ ਸਨ। ਹਾਲਾਂਕਿ, ਇੰਡੀਗੋ ਨੇ ਇੰਜਣ ਫੇਲ੍ਹ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ।
ਰਿਪੋਰਟਾਂ ਅਨੁਸਾਰ ਜਹਾਜ਼ ਦਾ ਲੈਂਡਿੰਗ ਸਮਾਂ ਰਾਤ 9.42 ਵਜੇ ਸੀ, ਪਰ ਪਾਇਲਟ ਨੇ ਰਾਤ 9.25 ਵਜੇ ਦੇ ਕਰੀਬ ਖ਼ਤਰੇ ਦਾ ਸੰਕੇਤ ਦਿੱਤਾ। ਪਾਇਲਟ ਨੇ 'ਪੈਨ ਪੈਨ ਪੈਨ' ਕਿਹਾ, ਜਿਸ ਤੋਂ ਬਾਅਦ ਜਹਾਜ਼ ਰਾਤ 9.52 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਿਆ।ਇੰਡੀਗੋ ਨੇ ਕਿਹਾ ਕਿ ਸੰਚਾਲਨ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਜਹਾਜ਼ ਦੀ ਜ਼ਰੂਰੀ ਜਾਂਚ ਕੀਤੀ ਗਈ । ਦਿੱਲੀ ਤੋਂ ਗੋਆ ਜਾਣ ਵਾਲੇ ਫਲਾਈਟ ਦੇ ਯਾਤਰੀਆਂ ਲਈ ਇੱਕ ਹੋਰ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ।
ਜਾਣੋ ਪੈਨ ਪੈਨ ਪੈਨ ਦਾ ਕਿ ਅਰਥ ਹੈ
ਪੈਨ ਪੈਨ ਪੈਨ ਇੱਕ ਅੰਤਰਰਾਸ਼ਟਰੀ ਐਮਰਜੈਂਸੀ ਸੁਨੇਹਾ ਹੈ ਜੋ ਹਵਾਬਾਜ਼ੀ ਸੰਚਾਰ ਵਿੱਚ ਵਰਤਿਆ ਜਾਂਦਾ ਹੈ। ਇਹ ਇੱਕ ਦਰਮਿਆਨੀ ਐਮਰਜੈਂਸੀ ਨੂੰ ਦਰਸਾਉਂਦਾ ਹੈ। ਇਹ ਮੈਸੇਜ ਇੱਕ ਖਰਾਬੀ ਨੂੰ ਦਰਸਾਉਂਦਾ ਹੈ ਅਤੇ ਤੁਰੰਤ ਸਹਾਇਤਾ ਦੀ ਲੋੜ ਹੁੰਦੀ ਹੈ। ਇਸ ਦਾ ਅਰਥ ਕੋਈ ਤੁਰੰਤ ਖ਼ਤਰਾ ਨਹੀਂ ਹੈ, ਪਰ ਸਥਿਤੀ ਅਜਿਹੀ ਹੈ ਕਿ ਤੁਰੰਤ ਮਦਦ ਜਾਂ ਧਿਆਨ ਦੀ ਲੋੜ ਹੋ ਸਕਦੀ ਹੈ। ਇਹ ਫਰਾਂਸੀਸੀ ਸ਼ਬਦ 'ਪੈਨ' ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਇੱਕ ਨੁਕਸ ਜਾਂ ਸਮੱਸਿਆ।