ਚੇਨਈ ਤੋਂ ਮੁੰਬਈ ਜਾ ਰਹੇ ਇਕ ਜਹਾਜ਼ ਵਿਚ ਬੰਬ ਹੋਣ ਦੇ ਸ਼ੱਕ ਤੋਂ ਬਾਅਦ ਫਲਾਈਟ ਦੀ ਮੁੰਬਈ ਵਿਖੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦੱਸ ਦੇਈਏ ਕਿ ਅੱਜ ਸ਼ਨੀਵਾਰ, 1 ਜੂਨ ਨੂੰ ਇੰਡੀਗੋ ਦੀ ਫਲਾਈਟ 6E-5314 ‘ਚ ਬੰਬ ਹੋਣ ਦੇ ਸ਼ੱਕ ਵਜੋਂ ਜਹਾਜ਼ ਦੀ ਮੁੰਬਈ ਵਿਖੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਐਮਰਜੈਂਸੀ ਲੈਂਡਿੰਗ
ਫਲਾਈਟ ਵਿੱਚ 172 ਯਾਤਰੀ ਸਵਾਰ ਸਨ। ਸੂਚਨਾ ਤੋਂ ਬਾਅਦ ਮੁੰਬਈ ਏਅਰਪੋਰਟ 'ਤੇ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਮੀਡੀਆ ਰਿਪੋਰਟਾਂ ਮੁਤਾਬਕ ਫਲਾਈਟ ਅੱਜ ਸਵੇਰੇ ਕਰੀਬ 6.50 ਵਜੇ ਚੇਨਈ ਤੋਂ ਰਵਾਨਾ ਹੋਈ। ਮੁੰਬਈ ਜਾਂਦੇ ਸਮੇਂ ਉਸ ਵਿੱਚ ਇੱਕ ਲਾਵਾਰਿਸ ਰਿਮੋਟ ਮਿਲਿਆ। ਇਸ ਤੋਂ ਬਾਅਦ ਪਾਇਲਟਾਂ ਨੇ ਮੁੰਬਈ ਏਅਰ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ ਅਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ।
ਸਾਰੇ ਯਾਤਰੀ ਸੁਰੱਖਿਅਤ ਉਤਰੇ
ਇੰਡੀਗੋ ਨੇ ਆਪਣੇ ਬਿਆਨ 'ਚ ਕਿਹਾ ਕਿ ਸਾਰੇ ਯਾਤਰੀ ਜਹਾਜ਼ 'ਚੋਂ ਸੁਰੱਖਿਅਤ ਉਤਰ ਗਏ ਹਨ। ਜਾਂਚ ਅਜੇ ਜਾਰੀ ਹੈ। ਸੁਰੱਖਿਆ ਜਾਂਚ ਪੂਰੀ ਹੋਣ ਤੋਂ ਬਾਅਦ, ਫਲਾਈਟ ਨੂੰ ਵਾਪਸ ਟਰਮੀਨਲ ਖੇਤਰ ਵਿੱਚ ਲਿਜਾਇਆ ਜਾਵੇਗਾ।
ਪਹਿਲਾਂ ਵੀ ਇੰਡੀਗੋ ਫਲਾਈਟ ਵਿਚ ਬੰਬ ਹੋਣ ਦੀਆਂ ਮਿਲ ਚੁੱਕੀਆਂ ਧਮਕੀਆਂ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਦਿੱਲੀ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਦੀ ਫਲਾਈਟ ਵਿੱਚ ਬੰਬ ਹੋਣ ਦੀ ਖ਼ਬਰ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਜਿਸ ਦੌਰਾਨ ਯਾਤਰੀਆਂ ਨੂੰ ਤੁਰੰਤ ਐਮਰਜੈਂਸੀ ਗੇਟ ਤੋਂ ਬਾਹਰ ਕੱਢਿਆ ਗਿਆ। ਹਾਲਾਂਕਿ ਬੰਬ ਦੀ ਸੂਚਨਾ ਅਫਵਾਹ ਨਿਕਲੀ ਸੀ। ਸੀਆਈਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਸੀ ਕਿ ਦਿੱਲੀ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਦੀ ਫਲਾਈਟ 6E2211 ਦੇ ਟਾਇਲਟ ਵਿੱਚੋਂ ਇੱਕ ਟਿਸ਼ੂ ਪੇਪਰ ਮਿਲਿਆ, ਜਿਸ ਉੱਤੇ ਬੰਬ ਲਿਖਿਆ ਹੋਇਆ ਸੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਜਾਂਚ ਕੀਤੀ, ਪਰ ਇਹ ਫਰਜ਼ੀ ਨਿਕਲਿਆ।