ਰੈਪਰ ਬਾਦਸ਼ਾਹ ਦਾ ਪੁਲਸ ਨੇ ਗਲਤ ਸਾਈਡ 'ਤੇ ਗੱਡੀ ਚਲਾਉਣ 'ਤੇ ਚਲਾਨ ਕੱਟ ਦਿੱਤਾ। ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ 15,500 ਰੁਪਏ ਦਾ ਚਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਬਾਦਸ਼ਾਹ ਇਕ ਸੰਗੀਤ ਸਮਾਰੋਹ 'ਚ ਸ਼ਾਮਲ ਹੋਣ ਲਈ ਗੁਰੂਗ੍ਰਾਮ ਆਏ ਸਨ, ਜਿਸ ਗੱਡੀ ਵਿੱਚ ਬਾਦਸ਼ਾਹ ਸਫਰ ਕਰ ਰਿਹਾ ਸੀ ਉਹ ਗਲਤ ਸਾਈਡ ਤੋਂ ਜਾ ਰਹੀ ਸੀ। ਇਸ ਕਾਰਨ ਟਰੈਫਿਕ ਪੁਲਸ ਨੇ ਬਾਦਸ਼ਾਹ ਦਾ ਚਲਾਨ ਕੱਟ ਦਿੱਤਾ।
ਗਲਤ ਸਾਈਡ 'ਤੇ ਗੱਡੀ ਚਲਾਉਣ 'ਤੇ ਚਲਾਨ
ਦੱਸਿਆ ਜਾ ਰਿਹਾ ਹੈ ਕਿ ਬਾਦਸ਼ਾਹ ਸੈਕਟਰ-68 'ਚ ਕਰਨ ਔਜਲਾ ਦੇ ਕੰਸਰਟ 'ਚ ਸ਼ਾਮਲ ਹੋਣ ਆਏ ਸਨ। ਦੱਸ ਦਈਏ ਕਿ ਇਹ ਇਲਾਕਾ ਮਾਲ 'ਚ ਹੈ ਜਿੱਥੇ ਬਾਦਸ਼ਾਹ ਨੇ ਉੱਥੇ ਪਹੁੰਚਣ ਲਈ ਗਲਤ ਸਾਈਡ ਵਾਲੀ ਸੜਕ ਚੁਣੀ, ਜਿਸ ਤੋਂ ਬਾਅਦ ਜਦੋਂ ਲੋਕਾਂ ਨੇ ਬਾਦਸ਼ਾਹ ਦੀ ਕਾਰ ਨੂੰ ਗਲਤ ਸਾਈਡ 'ਤੇ ਚਲਾਏ ਜਾਣ 'ਤੇ ਸਵਾਲ ਖੜ੍ਹੇ ਕੀਤੇ ਤਾਂ ਪੁਲਸ ਵੀ ਹਰਕਤ 'ਚ ਆ ਗਈ। ਇਸ ਦੌਰਾਨ ਪੁਲਸ ਨੇ ਕਾਰਵਾਈ ਕਰਦੇ ਹੋਏ ਰੈਪਰ-ਗਾਇਕ ਨੂੰ ਟਰੈਫਿਕ ਨਿਯਮ ਤੋੜਨ 'ਤੇ ਜੁਰਮਾਨਾ ਕੀਤਾ।
ਪਾਣੀਪਤ ਦੇ ਨੌਜਵਾਨ ਦੇ ਨਾਂ 'ਤੇ ਥਾਰ ਰਜਿਸਟਰਡ
ਤੁਹਾਨੂੰ ਦੱਸ ਦੇਈਏ ਕਿ ਗੁਰੂਗ੍ਰਾਮ ਪੁਲਸ ਨੇ ਪਹਿਲਾਂ ਸੀਸੀਟੀਵੀ ਫੁਟੇਜ ਨੂੰ ਜਾਂਚਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਬਾਦਸ਼ਾਹ ਦਾ 15,500 ਰੁਪਏ ਦਾ ਚਲਾਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਬਾਦਸ਼ਾਹ ਐਤਵਾਰ ਸ਼ਾਮ ਨੂੰ ਇੱਥੇ ਆਇਆ ਸੀ ਪਰ ਥਾਰ ਗੱਡੀ ਪਾਣੀਪਤ ਦੇ ਇਕ ਨੌਜਵਾਨ ਦੇ ਨਾਂ 'ਤੇ ਰਜਿਸਟਰਡ ਹੈ।