ਜਲੰਧਰ ਦੇ ਪਤਾਰਾ 'ਚ ਨਸ਼ੇ 'ਚ ਧੁੱਤ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ-ਪੱਥਰਾਂ ਨਾਲ ਰੇਡ ਕਰਨ ਆਈ ਪੁਲਸ 'ਤੇ ਹਮਲਾ ਕਰ ਦਿੱਤਾ। ਐਸਐਚਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਆਪਣੀ ਟੀਮ ਸਮੇਤ ਪਿੰਡ ਪਤਾਰਾ ਦੇ ਘਰ ਰੇਡ ਕਰਨ ਗਏ ਹੋਏ ਸਨ। ਐਸਐਚਓ ਬਲਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਇੱਕ ਘਰ ਅੰਦਰ ਨਸ਼ਾ ਲੈ ਰਹੇ ਸਨ। ਜਿਸ ਵਿੱਚ ਨਾਬਾਲਗ ਵੀ ਸ਼ਾਮਲ ਸਨ।
ਐਸਐਚਓ ਨੇ ਦੱਸਿਆ ਕਿ ਸੀਨੀਅਰ ਕਾਂਸਟੇਬਲ ਜਸਵੀਰ ਸਿੰਘ ਦੀਆਂ ਅੱਖਾਂ ਦੇ ਹੇਠਾਂ ਅਤੇ ਸਿਰ ਦੇ ਉਪਰਲੇ ਹਿੱਸੇ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਐਸ.ਐਚ.ਓ ਨੇ ਦੱਸਿਆ ਕਿ ਨਸ਼ੇੜੀਆਂ ਵਿੱਚ ਤਰਲੋਕ ਲਾਲ, ਸੋਨੂੰ ਅਤੇ ਕੁਝ ਨੌਜਵਾਨ ਨਸ਼ਾ ਕਰ ਰਹੇ ਸਨ, ਜਿਸ ਵਿੱਚ ਲੜਕੀਆਂ ਵੀ ਸ਼ਾਮਲ ਸਨ।
ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ, ਗਾਲ੍ਹਾਂ ਵੀ ਕੱਢੀਆਂ
ਐਸਐਚਓ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਮੁਲਜ਼ਮ ਹਰਮਨਜੋਤ ਸਿੰਘ ਆਪਣੇ ਸਾਥੀਆਂ ਨਾਲ ਕਮਰੇ ’ਚੋਂ ਬਾਹਰ ਆਇਆ ਅਤੇ ਪੌੜੀਆਂ ’ਤੇ ਚੜ੍ਹ ਕੇ ਉਪਰੋਂ ਸਿੱਧਾ ਇੱਟਾਂ ਤੇ ਪੱਥਰ ਸੁੱਟਣ ਲੱਗਾ। ਹੈੱਡ ਕਾਂਸਟੇਬਲ ਬਰਜਿੰਦਰਪਾਲ ਦੇ ਮੂੰਹ 'ਤੇ ਇੱਟ ਵੱਜੀ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਸ ਨੇ ਦੱਸਿਆ ਕਿ ਮੁਲਜ਼ਮ ਪੁਲਸ ਨੂੰ ਗਾਲ੍ਹਾਂ ਕੱਢਦੇ ਹੋਏ ਹਥਿਆਰਾਂ ਸਮੇਤ ਨੇੜਲੇ ਘਰਾਂ ਦੀਆਂ ਛੱਤਾਂ ’ਤੇ ਛਾਲ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਮੁਲਜ਼ਮਾਂ ਦੀ ਪਛਾਣ ਹੋ ਗਈ
ਉਨ੍ਹਾਂ ਦੱਸਿਆ ਕਿ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਮਲਾ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਤਰਲੋਕ ਲਾਲ ਉਰਫ਼ ਹਰਮਨ ਸੰਧੂ ਉਰਫ਼ ਸੋਨੂੰ, ਹਰਮਨਜੋਤ ਸਿੰਘ, ਗਗਨਦੀਪ ਸਿੰਘ, ਗੁਰਜੀਤ ਸਿੰਘ ਉਰਫ਼ ਜੀਤਾ, ਸੰਦੀਪ ਕੁਮਾਰ ਉਰਫ਼ ਸ਼ੀਪਾ, ਪਰਗਟ ਸਿੰਘ ਉਰਫ਼ ਸੋਨੂੰ ਵਜੋਂ ਹੋਈ ਹੈ, ਜਿਨ੍ਹਾਂ ਦੀ ਭਾਲ ਜਾਰੀ ਹੈ।
ਐਸਐਚਓ ਨੇ ਦੱਸਿਆ ਕਿ ਐਸਆਈ ਗੁਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਪਾਰਟੀ ਦੇ ਕੰਮ ਵਿੱਚ ਵਿਘਨ ਪਾਉਣ ਅਤੇ ਮੁਲਾਜ਼ਮਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਥਾਣਾ ਸਦਰ ਵਿੱਚ ਧਾਰਾ 307, 353, 186, 332, 148, 149 ਤਹਿਤ ਕੇਸ ਦਰਜ ਕੀਤਾ ਗਿਆ ਹੈ।