ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਣ ਕਾਰਜਕਾਰੀ ਅਧਿਕਾਰੀ ਪ੍ਰਤਿਸ਼ਠਾ ਜੈਨ ਨੂੰ ਯੂਨੀਸੈਫ ਵਲੋਂ ਆਯੋਜਿਤ ਰੇਡੀਓ ਫਾਰ ਚਾਈਲਡ ਪ੍ਰੋਗਰਾਮ ਵਿੱਚ ਸਰਵੋਤਮ ਰੇਡੀਓ ਸਪੌਟ ਲਈ ਸਨਮਾਨਤ ਕੀਤਾ ਗਿਆ। ਮੁੰਬਈ ਵਿਖੇ ਬੀਤੇ ਦਿਨੀਂ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ UNICEF ਦੇ ਕੌਮੀ ਰਾਜਦੂਤ ਅਤੇ ਉੱਘੇ ਫਿਲਮ ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਇਹ ਅਵਾਰਡ ਪ੍ਰਤਿਸ਼ਠਾ ਜੈਨ ਨੂੰ ਦਿੱਤਾ।
ਆਕਾਸ਼ਵਾਣੀ ਜਲੰਧਰ ਹਮੇਸ਼ਾ ਕਰਦੈ ਲੋਕ ਹਿੱਤਾਂ ਦੀ ਸੇਵਾ
ਭਾਰਤ ਦੇ ਕਈ ਸੂਬਿਆਂ ਤੋਂ ਰੇਡੀਓ ਪ੍ਰਤੀਭਾਗੀਆਂ ਨੇ ਇਸ ਐਵਾਰਡ ਲਈ ਆਪੋ-ਆਪਣੀਆਂ ਐਂਟਰੀਆਂ ਨਾਲ ਬਿਨੈ ਕੀਤਾ ਸੀ।ਆਕਾਸ਼ਵਾਣੀ, ਜਲੰਧਰ ਹਮੇਸ਼ਾ ਹੀ ਆਪਣੇ ਪ੍ਰੋਗਰਾਮਾਂ ਰਾਹੀਂ ਲੋਕ ਹਿੱਤਾਂ ਦੀ ਸੇਵਾ ਕਰ ਰਿਹਾ ਹੈ ਤੇ ਅੱਗੇ ਵੀ ਕਰਦਾ ਰਹੇਗਾ।
ਕੀ ਕਹਿਣੈ ਪ੍ਰਤਿਸ਼ਠਾ ਜੈਨ ਦਾ
ਐਵਾਰਡ ਮਿਲਣ ਤੋਂ ਬਾਅਦ ਪ੍ਰਤਿਸ਼ਠਾ ਜੈਨ ਨੇ ਕਿਹਾ ਕਿ ਇਹ ਜਿੱਤ ਆਕਾਸ਼ਵਾਣੀ ਜਲੰਧਰ ਦੇ ਸਾਰੇ ਮੈਂਬਰਾਂ ਦੀ ਹੈ ਤੇ ਇਹ ਪੁਰਸਕਾਰ ਆਕਾਸ਼ਵਾਣੀ ਜਲੰਧਰ ਦੇ ਉਪਰਾਲਿਆਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਆਕਾਸ਼ਵਾਣੀ ਦਾ ਲੋਕ ਸੇਵਾ ਪ੍ਰਸਾਰਣ ਵਿੱਚ ਸਭ ਤੋਂ ਵੱਧ ਪਹੁੰਚ ਅਤੇ ਪ੍ਰਭਾਵ ਹੈ।
22 ਰੇਡੀਓ ਪੇਸ਼ੇਵਰਾਂ ਨੂੰ ਵੀ ਕੀਤਾ ਸਨਮਾਨਤ
ਯੂਨੀਸੈਫ ਇੰਡੀਆ ਰੇਡੀਓ ਫਾਰ ਚਾਈਲਡ ਐਵਾਰਡ ਦੇ 5ਵੇਂ ਐਡੀਸ਼ਨ ਵਿਚ ਨਿਯਮਤ ਟੀਕਾਕਰਨ, ਜਲਵਾਯੂ ਤਬਦੀਲੀ, ਬਾਲ ਸੁਰੱਖਿਆ ਜਿਹੇ ਮੁੱਦਿਆਂ 'ਤੇ ਜਾਗਰੂਕਤਾ ਪੈਦਾ ਕਰਨ ਵਿੱਚ ਬੇਮਿਸਾਲ ਕਾਰਜ ਲਈ ਦੇਸ਼ ਭਰ ਦੇ 22 ਰੇਡੀਓ ਪੇਸ਼ੇਵਰਾਂ ਨੂੰ ਉਨ੍ਹਾਂ ਦੇ ਕੰਮ ਲਈ ਸਨਮਾਨਤ ਕੀਤਾ ਗਿਆ।
ਪਲਾਸਟਿਕ ਤੋਂ ਦੂਰੀ-ਧਰਤੀ ਲਈ ਜ਼ਰੂਰੀ ਸਿਰਲੇਖ ਲਈ ਮਿਲਿਆ ਐਵਾਰਡ
ਇਸ ਸਾਲ ਦੇ ਅਵਾਰਡ ਤਹਿਤ ,ਰੇਡੀਓ ਲਿੰਕ, ਸਪੌਟ, ਜਿੰਗਲ ਅਤੇ ਪਬਲਿਕ ਸਰਵਿਸ ਅਨਾਊਂਸਮੈਂਟ ਦੇ ਰੂਪ ਵਿਚ, ਨਵੀਨਤਾਕਾਰੀ ਰੇਡੀਓ ਪ੍ਰੋਗਰਾਮ ਐਂਟਰੀਆਂ ਲਈ ਸੱਦਾ ਦਿੱਤਾ ਗਿਆ ਸੀ।ਪ੍ਰਤਿਸ਼ਠਾ ਜੈਨ ਨੂੰ, ਜਲਵਾਯੂ ਪਰਿਵਰਤਨ ਦੇ ਵਿਸ਼ੇ ਤਹਿਤ ''ਸਿੰਗਲ ਯੂਜ਼ ਪਲਾਸਟਿਕ'' ਵਿਚ ਸਿਰਲੇਖ "ਪਲਾਸਟਿਕ ਤੋਂ ਦੂਰੀ-ਧਰਤੀ ਲਈ ਜ਼ਰੂਰੀ'' ਵਾਸਤੇ ਸਨਮਾਨਤ ਕੀਤਾ ਗਿਆ ਹੈI
ਪ੍ਰਤਿਸ਼ਠਾ ਜੈਨ ਨੇ ਇਸ ਦਾ ਸਿਹਰਾ ਆਪਣੇ ਪ੍ਰੋਗਰਾਮ ਹੈੱਡ ਪਰਮਜੀਤ ਸਿੰਘ, ਪ੍ਰੋਗਰਾਮ ਅਫਸਰ ਸੋਹਣ ਕੁਮਾਰ ਅਤੇ ਟੀਮ ਪੂਨਮ ਰਾਣੀ, ਬੀਰੇਂਦਰ ਸਿੰਘ, ਪੰਕਜ ਤੇ ਅਵਤਾਰ ਸਿੰਘ ਢਿੱਲੋਂ ਨੂੰ ਦਿੱਤਾI