ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋ ਨਿੱਬੜੀਆਂ ਹਨ ਅਤੇ ਨਤੀਜੇ ਵੀ ਸਾਹਮਣੇ ਆ ਚੁੱਕੇ ਹਨ। ਦੱਸ ਦੇਈਏ ਕਿ ਫ਼ਿਰੋਜ਼ਪੁਰ ਵਿੱਚ 23 ਸਾਲਾ ਬੀ.ਕਾਮ ਦੀ ਵਿਦਿਆਰਥਣ ਰਾਜਵੀਰ ਕੌਰ ਸਰਪੰਚ ਬਣੀ ਹੈ, ਜਿਸ ਤੋਂ ਬਾਅਦ ਪਿੰਡ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ। ਓਧਰ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਪਤਨੀ ਉਰਮਿਲਾ ਕੁਮਾਰੀ ਨੇ ਸਰਪੰਚ ਦੀ ਚੋਣ ਜਿੱਤ ਲਈ।
ਸ਼ਾਮ 4 ਵਜੇ ਤੱਕ 50 ਫੀਸਦੀ ਤੋਂ ਵੱਧ ਵੋਟਿੰਗ
ਦਿਨ ਭਰ ਵੋਟਾਂ ਦੌਰਾਨ ਲੜਾਈ-ਝਗੜੇ ਅਤੇ ਬੂਥ ਕੈਪਚਰਿੰਗ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ। ਚੋਣ ਕਮਿਸ਼ਨ ਅਨੁਸਾਰ ਸ਼ਾਮ 4 ਵਜੇ ਤੱਕ ਪੰਚਾਇਤੀ ਚੋਣਾਂ ਵਿੱਚ 50 ਫੀਸਦੀ ਤੋਂ ਵੱਧ ਵੋਟਿੰਗ ਹੋਈ। ਪੰਜਾਬ ਵਿੱਚ ਕੁੱਲ 13,937 ਪੰਚਾਇਤਾਂ ਹਨ, ਜਿਸ ਵਿੱਚੋਂ 25,588 ਸਰਪੰਚ ਅਹੁਦਿਆਂ ਅਤੇ 80,598 ਪੰਚ ਅਹੁਦਿਆਂ ਲਈ ਵੋਟਾਂ ਪਈਆਂ ਸਨ। ਸੂਬੇ ਵਿੱਚ 3798 ਸਰਪੰਚ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ।
ਜਾਣੋ ਵੋਟਿੰਗ ਦੇ ਪੂਰੇ ਦਿਨ ਦੌਰਾਨ ਕੀ-ਕੀ ਹੋਇਆ
ਪੰਚਾਇਤੀ ਚੋਣਾਂ ਨੂੰ ਰੋਕਣ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ, ਜਿਸ ਵਿੱਚ ਚੀਫ਼ ਜਸਟਿਸ ਨੇ ਕਿਹਾ ਕਿ ਜੇਕਰ ਉਹ ਇਸ ਸਮੇਂ ਚੋਣਾਂ ਰੋਕਣ ਦਾ ਹੁਕਮ ਦਿੰਦੇ ਹਨ ਤਾਂ ਇਸ ਨਾਲ ਅਰਾਜਕਤਾ ਫੈਲ ਸਕਦੀ ਹੈ।
ਮੋਗਾ 'ਚ ਪੰਚਾਇਤੀ ਚੋਣਾਂ ਦੌਰਾਨ ਮੋਗਾ ਦੇ ਪਿੰਡ ਮਸੀਤਾਂ 'ਚ ਦੋ ਧੜਿਆਂ 'ਚ ਝੜਪ ਹੋ ਗਈ। ਇਸ ਝੜਪ ਦੌਰਾਨ ਉਥੇ ਗੋਲੀਆਂ ਚੱਲ ਪਈਆਂ। ਗੋਲੀਆਂ ਦੀ ਆਵਾਜ਼ ਸੁਣਦੇ ਹੀ ਉਥੇ ਮੌਜੂਦ ਲੋਕਾਂ ਵਿਚ ਹਫੜਾ-ਦਫੜੀ ਮਚ ਗਈ।
ਪਟਿਆਲਾ 'ਚ ਵੋਟਿੰਗ ਕੇਂਦਰ 'ਤੇ ਬਾਹਰੋਂ ਆਏ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਉਥੇ ਪੱਥਰਬਾਜ਼ੀ ਸ਼ੁਰੂ ਹੋ ਗਈ। ਇਸ ਘਟਨਾ 'ਚ ਦੋ ਲੋਕ ਜ਼ਖਮੀ ਹੋ ਗਏ।
ਬਰਨਾਲਾ ਵਿੱਚ ਚੋਣ ਡਿਊਟੀ ਦੌਰਾਨ ਇੱਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੀਨੀਅਰ ਕਾਂਸਟੇਬਲ ਕੇ ਲੱਖਾ (53) ਵਜੋਂ ਹੋਈ ਹੈ।
ਜਗਰਾਉਂ ਦੇ ਪਿੰਡ ਪੋਨਾ ਅਤੇ ਡੱਲਾ ਵਿੱਚ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਕਿਉਂਕਿ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ, ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ। ਦੋਵਾਂ ਪਿੰਡਾਂ ਵਿੱਚ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਅਠਚੱਕ ਪਿੰਡ ਵਿੱਚ ਵੀ ਹੰਗਾਮਾ ਹੋਣ ਤੋਂ ਬਾਅਦ ਚੋਣ ਰੱਦ ਕਰ ਦਿੱਤੀ ਗਈ।
ਜਲੰਧਰ ਵਿੱਚ ਕੁੱਲ 66.3 ਫੀਸਦੀ ਵੋਟਿੰਗ ਹੋਈ। ਚੋਣ ਡਿਊਟੀ ਦੌਰਾਨ ਫਾਜ਼ਲਿਕਾ ਦੇ ਇੱਕ ਅਧਿਆਪਕ ਦੀ ਮੌਤ ਹੋ ਗਈ।
ਮਾਨਸਾ ਦੇ ਪਿੰਡ ਮਾਨਸਾ ਖੁਰਦ ਵਿੱਚ ਵੋਟਿੰਗ ਰੋਕ ਦਿੱਤੀ ਗਈ। ਬੈਲਟ ਪੇਪਰ ਗਲਤ ਛਾਪਿਆ ਗਿਆ ਸੀ। ਮਾਮਲਾ ਧਿਆਨ ਵਿੱਚ ਆਉਂਦੇ ਹੀ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ।
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਸੈਨ ਭਗਤ ਵਿੱਚ ਪੋਲਿੰਗ ਬੂਥ ਦੇ ਬਾਹਰ ਗੋਲੀਬਾਰੀ ਹੋਈ। ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਵੋਟਾਂ ਪਾਉਣ ਲਈ ਕਤਾਰ ਵਿੱਚ ਖੜ੍ਹੇ ਲੋਕਾਂ ਵਿੱਚ ਝਗੜਾ ਹੋ ਗਿਆ।
ਹੁਸ਼ਿਆਰਪੁਰ ਦੇ ਪਿੰਡ ਡਗਾਣਾ ਖੁਰਦ ’ਚ ਪ੍ਰਵਾਸੀ ਔਰਤ ਬਣੀ ਪਿੰਡ ਦੀ ਸਰਪੰਚ
ਹੁਸ਼ਿਆਰਪੁਰ ਦੇ ਇਕ ਪਿੰਡ ਵਿਚ ਪਰਵਾਸੀ ਔਰਤ ਸਰਪੰਚ ਬਣ ਗਈ। ਇਸ ਪਿੰਡ ਦਾ ਨਾਂ ਡਗਾਣਾ ਖੁਰਦ ਹੈ ਜਿੱਥੇ ਕਿ ਸਰਪੰਚੀ ਦੇ ਉਮੀਦਵਾਰ ਪ੍ਰਵਾਸੀ ਮਜ਼ਦੂਰ ਰਾਜੂ ਰਾਮ ਬਾਈ 107 ਵੋਟਾਂ ਚੋਂ 47 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਹੈ। ਜਿੱਥੇ ਉਸਦੇ ਖੜੀ ਵਿਰੋਧੀ ਉਮੀਦਵਾਰ ਸੀਮਾ ਨੂੰ ਸਿਰਫ 17 ਵੋਟਾਂ ਹੀ ਪਈਆਂ।
ਇਸ ਮੌਕੇ ਸਰਪੰਚ ਦੇ ਘਰ ਵਾਲੇ ਰਾਜੂ ਰਾਮ ਬਾਈ ਨੇ ਦੱਸਿਆ ਕਿ ਉਹ ਪਿਛਲੇ 25-30 ਸਾਲ ਤੋਂ ਇਸ ਪਿੰਡ ਵਿਚ ਰਹਿ ਰਹੇ ਹਨ ਅਤੇ ਇਸ ਤੋਂ ਪਹਿਲਾਂ ਵੀ ਉਹ ਇਸ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ।
ਉਹਨਾਂ ਦੱਸਿਆ ਕਿ ਜੋ ਪਿਛਲੇ ਪੰਜ ਸਾਲ ’ਚ ਰਹਿੰਦਾ ਪਿੰਡ ਦਾ ਵਿਕਾਸ ਪੂਰਾ ਕਰਨਗੇ। ਨਾਲ ਹੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਕਿ ਜਿਨਾਂ ਨੇ ਲਗਾਤਾਰ ਉਹਨਾਂ ਨੂੰ ਦੂਸਰੀ ਵਾਰ ਸਰਪੰਚ ਚੁਣ ਕੇ ਪਿੰਡ ਦੇ ਵਿਕਾਸ ਲਈ ਉਹਨਾਂ ਤੇ ਭਰੋਸਾ ਜਤਾਇਆ ਹੈ।
ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ’ਚ ਚਰਨਜੀਤ ਸਿੰਘ ਸਰਨੀ ਬਣੇ ਸਰਪੰਚ
ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ’ਚ ਚਰਨਜੀਤ ਸਿੰਘ ਸਰਨੀ 413 ਵੋਟਾਂ ਜਿੱਤ ਕੇ ਸਰਪੰਚ ਬਣ ਗਏ ਹਨ। ਉਨ੍ਹਾਂ ਨੇ ਸਿੱਧੂ ਮੂਸੇ ਵਾਲੇ ਪਰਿਵਾਰ ਦੇ ਕਰੀਬੀ ਬਲਜੀਤ ਸਿੰਘ ਨੂੰ 413 ਹਰਾਇਆ ਹੈ। ਇਸ ਮੌਕੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ।
ਸਿਹਤ ਵਿਗੜਨ ਕਾਰਨ ਪੰਚ ਉਮੀਦਵਾਰ ਦੀ ਮੌਤ
ਪੋਲਿੰਗ ਦੌਰਾਨ ਹੁਸ਼ਿਆਰਪੁਰ ਦੇ ਪਿੰਡ ਕਾਹਲਵਾਂ ਵਿਚ ਪੰਚ ਉਮੀਦਵਾਰ ਦੀ ਅਚਾਨ ਸਿਹਤ ਵਿਗੜਨ ਨਾਲ਼ ਮੌਤ ਹੋ ਗਈ।
ਕਾਹਲਵਾਂ ਦੇ 5 ਵਾਰਡਾਂ ਵਿੱਚੋਂ ਵਾਰਡ ਨੰਬਰ 1 ਤੋਂ ਪੰਚ ਉਮੀਦਵਾਰ ਕਰੀਬ 60 ਸਾਲਾ ਗੁਰਦੀਪ ਸਿੰਘ ਦੀ ਚਲ ਰਹੀ ਪੋਲਿੰਗ ਦੌਰਾਨ ਅਚਾਨਕ ਸਿਹਤ ਵਿਗੜ ਗਈ, ਜਿਸ ਉਤੇ ਉਸ ਨੂੰ ਕਾਲਾ ਸੰਘਿਆਂ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਗੁਰਦੀਪ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਮੁਢਲੀ ਮੈਡੀਕਲ ਸਹਾਇਤਾ ਤੋਂ ਬਾਅਦ ਸ਼ਹਿਰ ਰੈਫਰ ਕਰ ਦਿੱਤਾ, ਜਿਸ ਦੌਰਾਨ ਗੁਰਦੀਪ ਸਿੰਘ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਗੁਰਦੀਪ ਸਿੰਘ ਪਹਿਲਾਂ ਤਿੰਨ ਵਾਰ ਪਿੰਡ ਦਾ ਮੈਂਬਰ ਪੰਚਾਇਤ ਰਿਹਾ ਅਤੇ ਇਕ ਵਾਰ ਸਰਪੰਚ ਵੀ ਰਹਿ ਚੁੱਕਾ ਸੀ ਅਤੇ ਬੇਸ਼ੱਕ ਇਸ ਵਾਰ ਬੀਮਾਰ ਹੋਣ ਕਾਰਨ ਜ਼ਿੰਦਗੀ ਤੋਂ ਹਾਰ ਗਿਆ ਪਰ ਪੰਚੀ ਦੀ ਚੋਣ ਇਸ ਵਾਰ ਵੀ ਜਿੱਤ ਗਿਆ।
ਦੱਸ ਦੇਈਏ ਕਿ ਪੰਜਾਬ 'ਚ ਬੀਤੇ ਦਿਨ ਯਾਨੀ ਮੰਗਲਵਾਰ ਨੂੰ ਪੰਚਾਇਤੀ ਚੋਣਾਂ ਦੌਰਾਨ ਕਈ ਥਾਵਾਂ 'ਤੇ ਹਿੰਸਾ, ਬੂਥ ਕੈਪਚਰਿੰਗ ਅਤੇ ਹੋਰ ਬੇਨਿਯਮੀਆਂ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਅਤੇ ਕਈ ਥਾਈਂ ਉਮੀਦਵਾਰਾਂ ਦੇ ਬੈਲਟ ਪੇਪਰਾਂ ਉੱਤੇ ਚੋਣ ਨਿਸ਼ਾਨ ਬਦਲੇ ਗਏ ਸਨ, ਜਿਸ ਕਾਰਨ ਰਾਜ ਚੋਣ ਕਮਿਸ਼ਨ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚੀਆਂ। ਇਸੇ ਕਾਰਣ ਕੁੱਝ ਪਿੰਡਾਂ ਵਿਚ ਅੱਜ ਦੁਬਾਰਾ ਵੋਟਿੰਗ ਹੋ ਰਹੀ ਹੈ।
4 ਜ਼ਿਲ੍ਹਿਆਂ ਦੀਆਂ 8 ਪੰਚਾਇਤਾਂ 'ਤੇ ਦੁਬਾਰਾ ਹੋਣਗੀਆਂ ਚੋਣਾਂ
ਪੰਜਾਬ 'ਚ ਮੰਗਲਵਾਰ ਨੂੰ ਪੰਚਾਇਤੀ ਚੋਣਾਂ ਦੌਰਾਨ ਕਈ ਥਾਵਾਂ 'ਤੇ ਹਿੰਸਾ, ਬੂਥ ਕੈਪਚਰਿੰਗ ਅਤੇ ਹੋਰ ਬੇਨਿਯਮੀਆਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ (ਡੀ.ਸੀ.) ਤੋਂ ਪ੍ਰਾਪਤ ਰਿਪੋਰਟ ਤੋਂ ਬਾਅਦ ਚੋਣ ਕਮਿਸ਼ਨ ਨੇ 4 ਜ਼ਿਲ੍ਹਿਆਂ ਦੀਆਂ 8 ਪੰਚਾਇਤਾਂ ਵਿੱਚ ਪੰਚਾਇਤੀ ਚੋਣਾਂ ਦੁਬਾਰਾ ਕਰਵਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਦੁਬਾਰਾ ਚੋਣਾਂ ਕਦੋਂ ਕਰਵਾਈਆਂ ਜਾਣਗੀਆਂ, ਇਸ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਵੀ ਜਲਦੀ ਹੀ ਫੈਸਲਾ ਲਿਆ ਜਾਵੇਗਾ। ਜਿਨ੍ਹਾਂ ਥਾਵਾਂ 'ਤੇ ਮੁੜ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚ ਮਾਨਸਾ, ਫ਼ਿਰੋਜ਼ਪੁਰ, ਮੋਗਾ ਅਤੇ ਪਟਿਆਲਾ ਜ਼ਿਲ੍ਹਿਆਂ ਦੀਆਂ 8 ਪੰਚਾਇਤਾਂ ਸ਼ਾਮਲ ਹਨ ।
ਦੱਸ ਦਈਏ ਕਿ ਬੀਤੀ ਰਾਤ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਗ੍ਰਾਮ ਪੰਚਾਇਤ ਚੋਣਾਂ ਵਿੱਚ ਪਈਆਂ ਵੋਟਾਂ ਦੀ ਪੋਲਿੰਗ ਪ੍ਰਤੀਸ਼ਤਤਾ 73.57% ਰਹੀ।
ਮਾਨਸਾ ਖੁਰਦ ਵਿੱਚ ਵੀ ਅੱਜ ਪੈ ਰਹੀਆਂ ਹਨ ਵੋਟਾਂ
ਮਾਨਸਾ ਖੁਰਦ ਦੀ ਪੰਚਾਇਤ ਚੋਣ ਲਈ ਵੀ ਅੱਜ ਵੋਟਿੰਗ ਹੋ ਰਹੀ ਹੈ। ਦੱਸ ਦਈਏ ਕਿ ਬੈਲਟ ਪੇਪਰਾਂ ਉੱਪਰ ਉਮੀਦਵਾਰਾਂ ਦੇ ਚੋਣ ਨਿਸ਼ਾਨ ਉਲਟ ਛਪ ਗਏ ਸਨ, ਜਿਸ ਕਾਰਨ ਪਿੰਡ ਵਾਸੀਆਂ ਨੇ ਸਹਿਮਤੀ ਕਰਦੇ ਹੋਏ ਬੀਤੇ ਦਿਨ ਚੋਣਾਂ ਰੱਦ ਕਰ ਦਿੱਤੀਆਂ ਸਨ।