ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਲਾਰੈਂਸ ਬਿਸ਼ਨੋਈ ਸੁਰਖੀਆਂ 'ਚ ਹੈ। ਮਹਾਰਾਸ਼ਟਰ ਦੇ ਐਨਸੀਪੀ ਨੇਤਾ ਬਾਬਾ ਸਿੱਦੀਕੀ, ਜੋ ਸਲਮਾਨ ਦੇ ਬਹੁਤ ਕਰੀਬ ਸਨ, ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੌਰਾਨ ਕਰਣੀ ਸੈਨਾ ਦੇ ਪ੍ਰਧਾਨ ਨੇ ਲਾਰੈਂਸ ਬਿਸ਼ਨੋਈ ਦਾ ਐਨਕਾਊਂਟਰ ਕਰਨ ਵਾਲੇ ਪੁਲਸ ਮੁਲਾਜ਼ਮ ਨੂੰ 1,11,11,111/- ਰੁਪਏ (ਇੱਕ ਕਰੋੜ ਗਿਆਰਾਂ ਲੱਖ ਗਿਆਰਾਂ ਹਜ਼ਾਰ ਗਿਆਰਾਂ ਸੌ ਗਿਆਰਾਂ) ਦੇਣ ਦਾ ਐਲਾਨ ਕੀਤਾ ਹੈ।
ਵੀਡੀਓ ਜਾਰੀ ਕਰ ਕੇ ਇਨਾਮ ਦੇਣ ਦਾ ਕੀਤਾ ਦਾਅਵਾ
ਦੱਸ ਦੇਈਏ ਕਿ ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੇ ਮਾਮਲੇ ਵਿੱਚ ਵੀ ਬਿਸ਼ਨੋਈ ਗੈਂਗ ਦਾ ਨਾਂ ਸਾਹਮਣੇ ਆਇਆ ਸੀ। ਕਰਣੀ ਸੈਨਾ ਦੇ ਪ੍ਰਧਾਨ ਰਾਜ ਸ਼ੇਖਾਵਤ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਦਾ ਐਨਕਾਊਂਟਰ ਕਰਨ ਵਾਲੇ ਪੁਲਸ ਮੁਲਾਜ਼ਮ ਨੂੰ 1,11,11,111 ਰੁਪਏ ਦੇਣ ਦਾ ਦਾਅਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਅਨਮੋਲ ਹੀਰੇ ਅਤੇ ਵਿਰਾਸਤ ਅਮਰ ਸ਼ਹੀਦ ਸੁਖਦੇਵ ਸਿੰਘ ਗੋਗਾਮੇੜੀ ਦੇ ਕਾਤਲ ਲਾਰੈਂਸ ਬਿਸ਼ਨੋਈ ਦਾ ਐਨਕਾਊਂਟਰ ਕਰਨ ਵਾਲੇ ਪੁਲਸ ਮੁਲਾਜ਼ਮ ਨੂੰ ਖੱਤਰੀ ਕਰਣੀ ਸੈਨਾ 1,11,11,111/- ਰੁਪਏ ਦੇ ਕੇ ਇਨਾਮ ਦੇਵੇਗੀ ਅਤੇ ਸੁਰੱਖਿਆ ਦੇ ਮੁਕੰਮਲ ਪ੍ਰਬੰਧਾਂ ਨੂੰ ਯਕੀਨੀ ਬਣਾਏਗੀ। ਉਸ ਬਹਾਦਰ ਪੁਲਸ ਵਾਲੇ ਦੇ ਪਰਿਵਾਰ ਦੀ ਵੀ ਜ਼ਿੰਮੇਵਾਰੀ ਸਾਡੀ ਰਹੇਗੀ। ਜੈ ਮਾਂ ਕਰਨੀ।
ਗੋਗਾਮੇੜੀ ਦੀ 5 ਦਸੰਬਰ 2023 ਨੂੰ ਹੱਤਿਆ ਕਰ ਦਿੱਤੀ ਗਈ ਸੀ
ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੀ 5 ਦਸੰਬਰ 2023 ਨੂੰ ਜੈਪੁਰ ਵਿੱਚ ਕੁਝ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਸ਼ੂਟਰ ਮੌਕੇ ਤੋਂ ਫਰਾਰ ਹੋ ਗਏ। ਗੋਗਾਮੇੜੀ ਦੇ ਕਤਲ ਤੋਂ ਕੁਝ ਘੰਟਿਆਂ ਬਾਅਦ, ਲਾਰੈਂਸ ਬਿਸ਼ਨੋਈ ਗੈਂਗ ਨੇ ਜ਼ਿੰਮੇਵਾਰੀ ਲਈ ਸੀ।
ਇਸ ਕਤਲ ਕੇਸ ਵਿੱਚ ਇਸ ਸਾਲ 5 ਜੂਨ ਨੂੰ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ ਗਈ ਸੀ, ਜਿਸ ਵਿੱਚ ਰੋਹਿਤ ਗੋਦਾਰਾ ਨੂੰ ਮਾਸਟਰਮਾਈਂਡ ਦੱਸਿਆ ਗਿਆ ਸੀ। ਇਸ ਤੋਂ ਇਲਾਵਾ ਗੋਲਡੀ ਬਰਾੜ ਅਤੇ ਵਰਿੰਦਰ ਚਰਨ ਅਤੇ ਹੋਰਨਾਂ 'ਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹਨ। ਇਹ ਸਾਰੇ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ।
ਲਾਰੈਂਸ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ
ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ ਅਤੇ ਬਿਨਾਂ ਕਿਸੇ ਖੌਫ ਤੋਂ ਲਾਰੈਂਸ ਬਿਸ਼ਨੋਈ ਕਰੀਬ 700 ਗੁਰਗਿਆਂ ਨਾਲ ਗਰੋਹ ਚਲਾ ਰਿਹਾ ਹੈ। ਜੇਲ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ (31) ਉਰਫ ਬਲਕਰਨ ਬਰਾੜ ਉਦੋਂ ਮਹਿਜ਼ ਪੰਜ ਸਾਲ ਦਾ ਸੀ, ਜਦੋਂ 1998 'ਚ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਅਭਿਨੇਤਾ ਸਲਮਾਨ ਖਾਨ 'ਤੇ ਕਾਲਾ ਹਿਰਨ ਸ਼ਿਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਨੂੰ ਲੈ ਕੇ ਬਿਸ਼ਨੋਈ ਭਾਈਚਾਰਾ ਕਾਫੀ ਨਾਰਾਜ਼ ਸੀ।