ਰਾਜਸਥਾਨ 'ਚ ਸ਼੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦਾ ਕਤਲ ਕਰਨ ਵਾਲੇ ਦੋ ਦੋਸ਼ੀਆਂ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਰਾਤ ਭਰ ਜਾਰੀ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ ਬੁੱਧਵਾਰ ਸਵੇਰੇ ਦੋਵਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਪੁਲਿਸ ਦੋਵਾਂ ਬਦਮਾਸ਼ਾਂ ਨੂੰ ਲੈ ਕੇ ਜੈਪੁਰ ਪਹੁੰਚ ਰਹੀ ਹੈ।
ਉਹਨਾਂ ਦੀ ਮੌਤ ਕਾਰਨ ਰਾਜਪੂਤ ਸਮਾਜ ਵਿੱਚ ਭਾਰੀ ਰੋਸ ਹੈ। ਨਾਲ ਹੀ ਇਸ ਘਟਨਾ ਦੇ ਵਿਰੋਧ 'ਚ ਰਾਜਪੂਤ ਭਾਈਚਾਰੇ ਨੇ ਅੱਜ ਰਾਜਸਥਾਨ ਬੰਦ ਦਾ ਸੱਦਾ ਦਿੱਤਾ ਹੈ।
ਬਠਿੰਡਾ ਜੇਲ੍ਹ 'ਚ ਰਚੀ ਸਾਜ਼ਿਸ਼
ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਕੇਸ 'ਚ ਅਜਿਹੀ ਸੂਚਨਾ ਮਿਲੀ ਹੈ ਕਿ ਕਤਲ ਦੀ ਸਾਜ਼ਿਸ਼ ਰਾਜਸਥਾਨ 'ਚ ਨਹੀਂ ਸਗੋਂ ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਰਚੀ ਗਈ ਸੀ। ਬਠਿੰਡਾ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਗੈਂਗਸਟਰ ਸੰਪਤ ਨਹਿਰਾ ਨੇ ਇਸ ਕਤਲ ਦੀ ਯੋਜਨਾ ਬਣਾਈ ਸੀ। ਹੁਣ ਰਾਜਸਥਾਨ ਪੁਲਿਸ ਜਲਦੀ ਹੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਬਠਿੰਡਾ ਜੇਲ੍ਹ ਦਾ ਦੌਰਾ ਕਰ ਸਕਦੀ ਹੈ।
5 ਦਸੰਬਰ ਨੂੰ ਦੁਪਹਿਰ 1:45 ਵਜੇ ਦੇ ਕਰੀਬ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੀਪ ਸਿੰਘ ਗੋਗਾਮੇੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਉਹਨਾਂ ਦੇ ਘਰ 'ਚ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ। ਜਿਸ 'ਚ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕਾਰ ਚੋਰੀ ਕਰਨ ਦੀ ਕੀਤੀ ਕੋਸ਼ਿਸ਼
ਗੋਗਾਮੇੜੀ ਨੂੰ ਮਾਰਨ ਤੋਂ ਬਾਅਦ ਹਮਲਾਵਰਾਂ ਨੇ ਉੱਥੋਂ ਭੱਜਣ ਲਈ ਸੁਰੱਖਿਆ ਗਾਰਡ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਸੁਰੱਖਿਆ ਗਾਰਡ ਉਥੋਂ ਭੱਜ ਗਏ। ਇਸ ਤੋਂ ਬਾਅਦ ਹਮਲਾਵਰਾਂ ਨੇ ਰਸਤੇ ਵਿੱਚ ਇੱਕ ਕਾਰ ਲੁੱਟਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਕਾਰ ਨਾ ਰੁਕੀ ਤਾਂ ਹਮਲਾਵਰ ਸਕੂਟਰ 'ਤੇ ਫ਼ਰਾਰ ਹੋ ਗਏ।