ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਫਾਰਮ ਹਾਊਸ 'ਚ ਦੋ ਲੋਕਾਂ ਨੇ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਦੋਵਾਂ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਉਕਤ ਦੋਵਾਂ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ।
ਪੁਲਸ ਮੁਤਾਬਕ ਘਟਨਾ ਦੇ ਸਮੇਂ ਸਲਮਾਨ ਖਾਨ ਫਾਰਮ ਹਾਊਸ 'ਚ ਮੌਜੂਦ ਨਹੀਂ ਸਨ। ਪੁੱਛਗਿੱਛ ਦੌਰਾਨ ਦੋਵੇਂ ਵਿਅਕਤੀ ਆਪਣੇ ਆਪ ਨੂੰ ਸਲਮਾਨ ਖਾਨ ਦੇ ਪ੍ਰਸ਼ੰਸਕ ਦੱਸ ਰਹੇ ਸਨ।
ਪੁਲਸ ਕਰ ਰਹੀ ਪੁੱਛਗਿੱਛ
ਦੋਵਾਂ ਕੋਲੋਂ ਫਰਜ਼ੀ ਪਛਾਣ ਪੱਤਰ ਵੀ ਮਿਲੇ ਹਨ। ਫਿਲਹਾਲ ਪੁਲਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ। ਦੋਵਾਂ ਦੀ ਪਛਾਣ ਅਜੇਸ਼ ਕੁਮਾਰ ਗਿੱਲ ਅਤੇ ਗੁਰਸੇਵਕ ਸਿੰਘ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਦੇ ਪੰਜਾਬ ਅਤੇ ਰਾਜਸਥਾਨ ਤੋਂ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਸਲਮਾਨ ਖਾਨ ਨੂੰ Y+ ਸੁਰੱਖਿਆ ਮਿਲੀ ਹੈ
ਸਲਮਾਨ ਖਾਨ ਨੂੰ ਪਿਛਲੇ ਸਾਲ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਵੀ ਅਦਾਕਾਰ ਨੂੰ ਧਮਕੀ ਭਰੀ ਈਮੇਲ ਭੇਜੀ ਸੀ, ਜਿਸ ਕਾਰਨ ਸਲਮਾਨ ਖਾਨ ਨੂੰ Y+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ। Y+ ਸੁਰੱਖਿਆ ਵਿੱਚ, ਸਲਮਾਨ ਖਾਨ ਦੇ ਨਾਲ ਹਮੇਸ਼ਾ 1 ਜਾਂ 2 ਕਮਾਂਡੋ ਅਤੇ 2 PSO ਹੁੰਦੇ ਹਨ।
ਲਗਾਤਾਰ ਧਮਕੀਆਂ ਮਿਲ ਰਹੀਆਂ ਹਨ
ਪਿਛਲੇ ਸਾਲ ਵੀ ਸਲਮਾਨ ਖਾਨ ਨੂੰ ਕਈ ਵਾਰ ਧਮਕੀਆਂ ਮਿਲੀਆਂ ਸਨ। ਪਹਿਲਾਂ ਜੂਨ 2023 ਵਿੱਚ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਧਮਕੀ ਭਰਿਆ ਪੱਤਰ ਮਿਲਿਆ ਸੀ ਅਤੇ ਫਿਰ ਬਾਅਦ ਵਿੱਚ ਇੱਕ ਈ-ਮੇਲ ਵੀ ਆਈ ਸੀ।