ਪੰਜਾਬੀ ਗਾਇਕ ਸਿੱਧੂ ਦੇ ਕਤਲ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬ ਦੀ ਜੇਲ੍ਹ ਤੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਹੈ।
ਸਿਗਨਲ ਐਪ ਰਾਹੀਂ ਹੋਇਆ ਸੀ ਇੰਟਰਵਿਊ
ਇਸ ਦੇ ਨਾਲ ਹੀ ਐਸਆਈਟੀ ਨੇ ਆਪਣੀ ਰਿਪੋਰਟ ਵਿੱਚ ਕਈ ਹੋਰ ਖੁਲਾਸੇ ਵੀ ਕੀਤੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲਾਰੇਂਸ ਬਿਸ਼ਨੋਈ ਦਾ ਇੰਟਰਵਿਊ ਸਿਗਨਲ ਐਪ ਰਾਹੀਂ ਲਿਆ ਗਿਆ ਸੀ। ਐਸਆਈਟੀ ਟੀਮ ਨੇ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਤੋਂ ਹੋਰ ਸਮਾਂ ਮੰਗਿਆ ਹੈ।
ਡੀਜੀਪੀ ਨੇ ਕੀਤਾ ਸੀ ਦਾਅਵਾ ,ਪੰਜਾਬ ਤੋਂ ਨਹੀਂ ਹੋਇਆ ਇੰਟਰਵਿਊ
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਦੋ ਇੰਟਰਵਿਊ ਪਿਛਲੇ ਸਾਲ 14 ਅਤੇ 17 ਮਾਰਚ ਨੂੰ ਇੱਕ ਨਿੱਜੀ ਚੈਨਲ 'ਤੇ ਪ੍ਰਸਾਰਿਤ ਕੀਤੇ ਗਏ ਸਨ। ਇੰਟਰਵਿਊ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਜਿਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਮੀਡੀਆ ਦੇ ਸਾਹਮਣੇ ਆਏ ਕੇ ਦਾਅਵਾ ਕੀਤਾ ਸੀ ਕਿ ਇਹ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਜੇਲ੍ਹ ਤੋਂ ਨਹੀਂ ਹੋਇਆ ਸੀ।
ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਾਂਚ ਹੋਈ ਸ਼ੁਰੂ
ਦੱਸ ਦਈਏ ਕਿ ਹਾਈ ਕੋਰਟ ਦੇ ਹੁਕਮਾਂ 'ਤੇ ਇਹ ਜਾਂਚ ਸਪੈਸ਼ਲ ਡੀਜੀਪੀ ਮਨੁੱਖੀ ਅਧਿਕਾਰ ਪ੍ਰਬੋਧ ਕੁਮਾਰ ਦੀ ਪ੍ਰਧਾਨਗੀ ਹੇਠ ਸ਼ੁਰੂ ਕੀਤੀ ਗਈ ਸੀ। ਜਿਸ ਦੀ ਸੀਲਬੰਦ ਰਿਪੋਰਟ ਐਸਆਈਟੀ ਨੇ ਕੱਲ੍ਹ ਹਾਈ ਕੋਰਟ ਵਿੱਚ ਪੇਸ਼ ਕੀਤੀ ਸੀ। ਹਾਈਕੋਰਟ ਨੇ ਰਿਪੋਰਟ ਪੜ੍ਹ ਕੇ ਮੁੜ ਐਸ.ਆਈ.ਟੀ.ਨੂੰ ਦੇ ਦਿੱਤੀ ਸੀ |