ਮੁੰਬਈ ਪੁਲਿਸ ਨੇ ਸਲਮਾਨ ਖਾਨ ਤੋਂ 5 ਕਰੋੜ ਦੀ ਫਿਰੌਤੀ ਮੰਗਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸ਼ੇਖ ਹੁਸੈਨ ਸ਼ੇਖ ਮੌਸੀਨ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਝਾਰਖੰਡ ਦੇ ਜਮਸ਼ੇਦਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨੂੰ ਅੱਜ ਰਿਮਾਂਡ ’ਤੇ ਮੁੰਬਈ ਲਿਆਂਦਾ ਜਾ ਰਿਹਾ ਹੈ।
18 ਅਕਤੂਬਰ ਨੂੰ ਮੰਗੀ ਸੀ ਫਿਰੌਤੀ
ਜਮਸ਼ੇਦਪੁਰ 'ਚ ਸਬਜ਼ੀ ਵੇਚਣ ਵਾਲੇ ਸ਼ੇਖ ਮੌਸੀਨ ਨੇ ਪਿਛਲੇ ਹਫਤੇ ਮੁੰਬਈ ਟ੍ਰੈਫਿਕ ਪੁਲਸ ਨੂੰ 18 ਅਕਤੂਬਰ ਨੂੰ ਵਟਸਐਪ ਕਾਲ ਕਰਕੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਉਸ ਨੇ ਆਪਣੇ ਆਪ ਨੂੰ ਲਾਰੈਂਸ ਗੈਂਗ ਦਾ ਮੈਂਬਰ ਦੱਸਿਆ ਸੀ। ਇਸ ਤੋਂ ਬਾਅਦ ਮੁੰਬਈ ਟ੍ਰੈਫਿਕ ਪੁਲਿਸ ਨੂੰ ਵੀ ਉਸੇ ਮੋਬਾਈਲ ਨੰਬਰ ਤੋਂ ਮਾਫੀ ਮੰਗਣ ਵਾਲਾ ਸੁਨੇਹਾ ਮਿਲਿਆ। ਪੁਲਿਸ ਨੇ ਝਾਰਖੰਡ ਦੇ ਉਸ ਨੰਬਰ ਨੂੰ ਟਰੇਸ ਕੀਤਾ ਅਤੇ ਦੋਸ਼ੀ ਨੂੰ ਫੜਨ ਲਈ ਟੀਮ ਭੇਜੀ।
ਸਲਮਾਨ ਦੀ ਹਾਲਤ ਬਾਬਾ ਸਿੱਦੀਕੀ ਤੋਂ ਵੀ ਹੋਵੇਗੀ ਮਾੜੀ
ਮੁੰਬਈ ਪੁਲਿਸ ਮੁਤਾਬਕ ਧਮਕੀ ਭਰੇ ਸੰਦੇਸ਼ 'ਚ ਦੋਸ਼ੀ ਨੇ ਲਿਖਿਆ ਸੀ ਕਿ ਇਸ ਨੂੰ ਹਲਕੇ 'ਚ ਨਾ ਲਓ। ਜੇਕਰ ਸਲਮਾਨ ਖਾਨ ਜ਼ਿੰਦਾ ਰਹਿਣਾ ਹੈ ਅਤੇ ਲਾਰੇਂਸ ਨਾਲ ਆਪਣੀ ਦੁਸ਼ਮਣੀ ਖਤਮ ਕਰਨੀ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ 5 ਕਰੋੜ ਰੁਪਏ ਦੇਣੇ ਪੈਣਗੇ। ਜੇਕਰ ਪੈਸੇ ਨਾ ਦਿੱਤੇ ਗਏ ਤਾਂ ਸਲਮਾਨ ਦੀ ਹਾਲਤ ਬਾਬਾ ਸਿੱਦੀਕੀ ਤੋਂ ਵੀ ਮਾੜੀ ਹੋ ਜਾਵੇਗੀ।
ਸਲਮਾਨ ਨੂੰ ਲਗਾਤਾਰ ਮਿਲ ਰਹੀਆਂ ਹਨ ਧਮਕੀਆਂ
ਧਿਆਨ ਯੋਗ ਹੈ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਧਮਕੀ ਅਤੇ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੀ ਮੌਤ ਦੇ ਮੱਦੇਨਜ਼ਰ ਸਲਮਾਨ ਖਾਨ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਸਲਮਾਨ ਨੂੰ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਹੈ। ਪਰ ਆਪਣੀ ਜਾਨ ਨੂੰ ਖਤਰੇ ਦੇ ਬਾਵਜੂਦ ਸਲਮਾਨ ਆਪਣੇ ਕੰਮ ਨੂੰ ਪੂਰਾ ਕਰ ਰਹੇ ਹਨ।
ਸਲਮਾਨ ਖਾਨ ਨੇ ਹਾਲ ਹੀ 'ਚ ਬਿੱਗ ਬੌਸ 18 ਦੇ ਵੀਕੈਂਡ ਵਾਰ ਦੀ ਸ਼ੂਟਿੰਗ ਕੀਤੀ ਸੀ । ਸੈੱਟ 'ਤੇ ਸਲਮਾਨ ਨੇ ਕਿਹਾ ਕਿ ਕੰਮ ਤਾਂ ਕਰਨਾ ਹੀ ਪੈਂਦਾ ਹੈ, ਕਮਿਟਮੈਂਟਸ ਪੂਰੇ ਕਰਨੇ ਜ਼ਰੂਰੀ ਹਨ। ਇਸ ਤੋਂ ਇਲਾਵਾ ਉਹ ਆਪਣੀ ਫਿਲਮ 'ਸਿਕੰਦਰ' ਦੀ ਸ਼ੂਟਿੰਗ 'ਚ ਵੀ ਰੁੱਝੇ ਹੋਏ ਹਨ।