ਜਲੰਧਰ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ। ਦੋਵੇਂ ਗੈਂਗਸਟਰ ਬੁਰੀ ਤਰ੍ਹਾਂ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹੁਣ ਇਸ ਮੁਕਾਬਲੇ ਨੂੰ ਦੇਖਣ ਵਾਲੇ ਚਸ਼ਮਦੀਦਾਂ ਦੇ ਬਿਆਨ ਸਾਹਮਣੇ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪੁਲਿਸ ਨੇ ਯੋਜਨਾ ਬਣਾ ਕੇ ਇਨ੍ਹਾਂ ਗੈਂਗਸਟਰਾਂ ਨੂੰ ਫੜਿਆ ਸੀ।
ਪੁਲਿਸ ਨੇ 9 ਵਜੇ ਹੀ ਇਲਾਕੇ ਨੂੰ ਸੀਲ ਕਰ ਦਿੱਤਾ ਸੀ
ਮੁਕਾਬਲੇ ਦੇ ਚਸ਼ਮਦੀਦ ਕੁਲਵੰਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 9 ਵਜੇ ਪੁਲਿਸ ਦੀਆਂ ਚਾਰ ਗੱਡੀਆਂ ਮੌਕੇ 'ਤੇ ਪਹੁੰਚੀਆਂ। ਪੁਲਿਸ ਮੁਲਾਜ਼ਮਾਂ ਨੇ ਲੋਕਾਂ ਨੂੰ ਦੱਸਿਆ ਕਿ ਇਸ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਤੁਸੀਂ ਸਾਰੇ ਘਰ ਦੇ ਅੰਦਰ ਹੀ ਰਹੋਗੇ, ਕਿਉਂਕਿ ਇਹ ਨਹੀਂ ਪਤਾ ਕਿ ਦੋਸ਼ੀ ਕਿਸ ਪਾਸਿਓਂ ਆਵੇਗਾ।
50 ਤੋਂ ਵੱਧ ਚਲੀਆਂ ਗੋਲੀਆਂ
ਪੁਲਿਸ ਨੇ ਸਾਰਿਆਂ ਨੂੰ ਦੋ ਵਾਰ ਚੇਤਾਵਨੀ ਦਿੱਤੀ ਕਿ ਉਹ ਆਪਣੇ ਘਰਾਂ ਵਿੱਚ ਰਹਿਣ ਅਤੇ ਬਾਹਰ ਨਾ ਨਿਕਲਣ। ਜਦੋਂ ਮੁੱਠਭੇੜ ਹੋਈ ਤਾਂ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। 50 ਤੋਂ ਵੱਧ ਗੋਲੀਆਂ ਚੱਲੀਆਂ ਹੋਣਗੀਆਂ।
ਘਰਾਂ ਤੱਕ ਸੁਣਾਈ ਦਿੱਤੀ ਗੋਲੀਆਂ ਦੀ ਆਵਾਜ਼
ਇਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਪੁਲਿਸ ਨੇ ਚਿੱਟੇ ਰੰਗ ਦੀ ਗੱਡੀ ਨੂੰ ਮੌਕੇ 'ਤੇ ਘੇਰ ਲਿਆ ਸੀ। ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲ ਰਹੀਆਂ ਸਨ। ਗੋਲੀਆਂ ਦੀ ਆਵਾਜ਼ ਘਰਾਂ ਤੱਕ ਸੁਣਾਈ ਦਿੱਤੀ। ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਸੀ। ਪੁਲਿਸ ਦੀ ਗੋਲੀ ਨਾਲ ਦੋਵੇਂ ਜ਼ਖਮੀ ਹੋ ਗਏ।