ਪੰਜਾਬ 95 ਫਿਲਮ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਹ ਫਿਲਮ ਅਜੇ ਰਿਲੀਜ਼ ਨਹੀਂ ਹੋਵੇਗੀ। ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਖੁਦ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਹੈਂਡਲ ਉਤੇ ਜਾਣਕਾਰੀ ਦਿੱਤੀ।
ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਜਾਣਕਾਰੀ

ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ਪੰਜਾਬ 95 ਕਾਫੀ ਚਰਚਾ ਵਿਚ ਹੈ, ਜਿਸ ਦੀ ਰਿਲੀਜ਼ਿੰਗ ਡੇਟ ਨੂੰ ਲੈ ਕੇ ਨਵਾਂ ਅਪਡੇਟ ਸਾਂਝਾ ਕੀਤਾ ਹੈ। ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿਚ ਦੱਸਿਆ ਕਿ ਉਸ ਦੀ ਫਿਲਮ 'ਪੰਜਾਬ 95' ਹੁਣ 7 ਫਰਵਰੀ ਨੂੰ ਰਿਲੀਜ਼ ਨਹੀਂ ਹੋ ਰਹੀ ਹੈ।
ਦਿਲਜੀਤ ਦੋਸਾਂਝ ਦੀ ਪੋਸਟ
ਦਿਲਜੀਤ ਦੋਸਾਂਝ ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ, 'ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਫਿਲਮ ਪੰਜਾਬ 95 ਹੁਣ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ। ਕੁਝ ਹਾਲਾਤ ਸਾਡੇ ਵੱਸ ਤੋਂ ਬਾਹਰ ਹੁੰਦੇ ਹਨ। ਦਿਲਜੀਤ ਦੀ ਇਸ ਪੋਸਟ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਨਿਰਾਸ਼ ਕੀਤਾ, ਕਿਉਂਕਿ ਅਦਾਕਾਰ ਦੇ ਪ੍ਰਸ਼ੰਸਕ ਉਨ੍ਹਾਂ ਦੀ ਫਿਲਮ ਦੀ ਰਿਲੀਜ਼ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
ਟ੍ਰੇਲਰ ਯੂਟਿਊਬ ਤੋਂ ਹਟਾਇਆ
ਜ਼ਿਕਰਯੋਗ ਹੈ ਕਿ ਇੱਕ ਹਫ਼ਤਾ ਪਹਿਲਾਂ, ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਫਿਲਮ ਦਾ ਦਿਲਚਸਪ ਟ੍ਰੇਲਰ ਰਿਲੀਜ਼ ਕੀਤਾ ਸੀ, ਜਿਸ ਨਾਲ ਗਾਇਕ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ 'ਪੰਜਾਬ 95' 7 ਫਰਵਰੀ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ। ਇੱਕ ਪੋਸਟ ਵਿੱਚ, ਉਸ ਨੇ ਇਹ ਵੀ ਲਿਖਿਆ- "ਪੂਰੀ ਫਿਲਮ, ਕੋਈ ਕੱਟ ਨਹੀਂ," ਜਿਸ ਨੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ। ਹਾਲਾਂਕਿ, ਬਾਅਦ ਵਿੱਚ ਟ੍ਰੇਲਰ ਨੂੰ ਭਾਰਤ ਵਿੱਚ ਯੂਟਿਊਬ ਤੋਂ ਹਟਾ ਦਿੱਤਾ ਗਿਆ।
ਜਸਵੰਤ ਸਿੰਘ ਖਾਲੜਾ 'ਤੇ ਬਣੀ 'ਪੰਜਾਬ 95'
ਦੱਸ ਦੇਈਏ ਕਿ ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ ਇਸ ਸਮੇਂ ਸੈਂਸਰਸ਼ਿਪ ਨੂੰ ਲੈ ਕੇ ਚੱਲ ਰਹੀ ਲੜਾਈ ਦਾ ਸਾਹਮਣਾ ਕਰ ਰਹੀ ਹੈ, ਜਿਸ ਕਾਰਨ ਫਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਇੰਤਜ਼ਾਰ ਕਰਨਾ ਪਵੇਗਾ।