ਪੰਜਾਬ 'ਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ ਅਤੇ ਹੁਣ ਦਿਨ-ਰਾਤ ਲੋਕਾਂ ਨੂੰ ਠੰਡ ਮਹਿਸੂਸ ਹੋਣ ਲੱਗੀ ਹੈ। ਦਿਨ ਵੇਲੇ ਵੀ ਹੁਣ ਇੰਨੀ ਗਰਮੀ ਨਹੀਂ ਹੁੰਦੀ। ਮੌਸਮ ਵਿਭਾਗ ਮੁਤਾਬਕ ਦੀਵਾਲੀ ਤੋਂ ਬਾਅਦ ਪੰਜਾਬ 'ਚ ਸਰਦੀ ਵੱਧ ਜਾਵੇਗੀ। ਇਸ ਸਾਲ ਕੜਾਕੇ ਦੀ ਠੰਡ ਪੈਣ ਦੀ ਉਮੀਦ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਪਰਾਲੀ ਸਾੜਨ ਦੇ ਮਾਮਲੇ ਵੱਧ ਰਹੇ ਹਨ, ਜਿਸ ਕਾਰਨ ਸੂਬੇ ਦੇ ਕੁਝ ਜ਼ਿਲ੍ਹਿਆਂ ਵਿਚ ਹਵਾ ਪ੍ਰਦੂਸ਼ਣ ਵੱਧ ਰਿਹਾ ਹੈ।
ਦੀਵਾਲੀ ਤੋਂ ਬਾਅਦ ਠੰਡ ਵਧੇਗੀ
ਮੌਸਮ ਵਿਭਾਗ ਮੁਤਾਬਕ ਦੀਵਾਲੀ ਤੱਕ ਪੰਜਾਬ ਵਿੱਚ ਮੌਸਮ ਆਮ ਵਾਂਗ ਰਹੇਗਾ ਅਤੇ ਇਸ ਤੋਂ ਬਾਅਦ ਠੰਡ ਵਧਣੀ ਸ਼ੁਰੂ ਹੋ ਜਾਵੇਗੀ। ਫਿਲਹਾਲ ਇਕ ਹਫਤੇ ਤੱਕ ਮੌਸਮ ਸਾਫ ਰਹੇਗਾ ਅਤੇ ਮੀਂਹ ਅਤੇ ਤੂਫਾਨ ਦੀ ਕੋਈ ਭਵਿੱਖਬਾਣੀ ਨਹੀਂ ਹੈ। ਮੌਸਮ ਸਾਫ਼ ਰਹੇਗਾ। ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬੱਦਲਵਾਈ ਬਣੀ ਰਹਿ ਸਕਦੀ ਹੈ।
ਹਵਾ ਪ੍ਰਦੂਸ਼ਣ ਵਧਣ ਲੱਗਾ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਇਸ ਸਾਲ ਹੁਣ ਤੱਕ ਪਰਾਲੀ ਸਾੜਨ ਦੀਆਂ 940 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਕਾਰਨ ਸਾਰੇ ਵੱਡੇ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਖਰਾਬ ਹੋਣ ਲੱਗੀ ਹੈ। ਜਲੰਧਰ ਦਾ AQI 114, ਅੰਮ੍ਰਿਤਸਰ AQI 115, ਖੰਨਾ 117, ਲੁਧਿਆਣਾ 109, ਮੰਡੀ ਗੋਬਿੰਦਗੜ੍ਹ 119, ਪਟਿਆਲਾ 112 ਅਤੇ ਰੂਪਨਗਰ 112 AQI ਹੈ।
ਲੋਕਾਂ ਦੀ ਸਿਹਤ 'ਤੇ ਅਸਰ
ਮੌਸਮ ਵਿੱਚ ਬਦਲਾਅ ਕਾਰਨ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਮੌਸਮ ਵਿੱਚ ਤਬਦੀਲੀ ਕਾਰਨ ਜ਼ੁਕਾਮ, ਖੰਘ, ਬੁਖਾਰ ਆਦਿ ਬੀਮਾਰੀਆਂ ਲੋਕਾਂ ਨੂੰ ਪ੍ਰਭਾਵਤ ਕਰ ਰਹੀਆਂ ਹਨ। ਡੇਂਗੂ ਵੀ ਇਸੇ ਮੌਸਮ ਵਿਚ ਫੈਲਦਾ ਹੈ। ਇਸ ਲਈ ਪੂਰੇ ਕੱਪੜੇ ਪਾ ਕੇ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਬੀਮਾਰੀਆਂ ਤੋਂ ਬਚਿਆ ਜਾ ਸਕੇ।