ਖ਼ਬਰਿਸਤਾਨ ਨੈੱਟਵਰਕ: ਸੈਲਫੀ ਲੈਣੀ ਇਕ ਲੜਕੇ ਨੂੰ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਉਹ ਖੂਹ ਵਿਚ ਡਿੱਗ ਗਿਆ। ਮਾਮਲਾ ਹਿਮਾਚਲ ਦੇ ਧਰਮਸ਼ਾਲਾ ਦੇ ਮੈਕਲੋਡਗੰਜ ਤੋਂ ਸਾਹਮਣੇ ਆਇਆ, ਜਿਥੇ ਸੈਲਫ਼ੀ ਲੈਂਦੇ ਸਮੇਂ ਖੂਹ 'ਚ ਡਿੱਗਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ।
ਪਛਾਣ
ਮ੍ਰਿਤਕ ਪੰਜਾਬ ਦੇ ਬਟਾਲਾ ਦਾ ਰਹਿਣ ਵਾਲਾ ਸੀ, ਜਿਸ ਦਾ ਨਾਂ ਜਸਟਿਨ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਸਟਿਨ ਮੈਡੀਕਲ ਦਾ ਵਿਦਿਆਰਥੀ ਸੀ, ਜੋ ਮੈਕਲੋਡਗੰਜ ਘੁੰਮਣ ਲਈ ਆਇਆ ਸੀ, ਉਹ ਵਾਟਰਫਾਲ ਨੇੜੇ ਸੈਲਫ਼ੀ ਲੈ ਰਿਹਾ ਸੀ, ਜਿਸ ਸਮੇਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਬੀਤੇ ਦਿਨ ਮੰਗਲਵਾਰ ਸ਼ਾਮ 7 ਵਜੇ ਉਹ ਆਪਣੇ ਦੋ ਦੋਸਤਾਂ ਆਸ਼ੀਸ਼ ਅਤੇ ਪੀਟਰ ਨਾਲ ਝਰਨੇ ਉਤੇ ਗਿਆ ਸੀ। ਸੈਲਫ਼ੀ ਲੈਂਦੇ ਸਮੇਂ ਉਸ ਦਾ ਪੈਰ ਇਕ ਪੱਥਰ ਤੋਂ ਫਿਸਲ ਗਿਆ। ਇਸ ਕਾਰਨ ਉਹ ਪਾਣੀ ਨਾਲ ਭਰੇ ਡੂੰਘੇ ਖੂਹ ਵਿੱਚ ਡਿੱਗ ਗਿਆ।
ਆਲੇ-ਦੁਆਲੇ ਦੇ ਲੋਕਾਂ ਨੇ ਕੱਢਿਆ ਬਾਹਰ
ਆਲੇ-ਦੁਆਲੇ ਦੇ ਲੋਕਾਂ ਨੇ ਆਵਾਜ਼ ਸੁਣ ਕੇ ਉਸ ਨੂੰ ਪਾਣੀ 'ਚੋਂ ਬਾਹਰ ਕੱਢਿਆ ਤੇ ਤੁਰੰਤ ਜ਼ੋਨਲ ਹਸਪਤਾਲ ਧਰਮਸ਼ਾਲਾ ਪਹੁੰਚਾਇਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਟਾਂਡਾ ਮੈਡੀਕਲ ਕਾਲਜ ਲਈ ਰੈਫ਼ਰ ਕਰ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ।ਹਾਦਸੇ ਤੋਂ ਬਾਅਦ ਮੈਕਲੋਡਗੰਜ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਪੁਲਸ ਅੱਜ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦੇਵੇਗੀ।
ਸੈਲਾਨੀਆਂ ਨੂੰ ਖਾਸ ਅਪੀਲ
ਕਾਂਗੜਾ ਪੁਲਸ ਨੇ ਸੈਲਾਨੀਆਂ ਨੂੰ ਖਾਸ ਅਪੀਲ ਕੀਤੀ ਹੈ ਕਿ ਭਾਗਸੁਨਾਗ ਝਰਨੇ ਵਰਗੀਆਂ ਥਾਵਾਂ 'ਤੇ ਸਾਵਧਾਨੀ ਵਰਤੀ ਜਾਵੇ। ਡੂੰਘੇ ਪਾਣੀ ਵਿਚ ਜਾਣ ਤੋਂ ਵੀ ਗੁਰੇਜ਼ ਕੀਤਾ ਜਾਵੇ।