ਪੰਜਾਬੀ ਗਾਇਕ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਵਿੰਦਰ ਪਾਲ ਸਿੰਘ ਉਰਫ ਕਾਕਾ ਵਿਰਕ (29) ਵਜੋਂ ਹੋਈ ਹੈ। ਉਹ ਪਿਛਲੇ 5 ਸਾਲਾਂ ਤੋਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਰਹਿ ਰਿਹਾ ਸੀ।
2 ਭੈਣਾਂ ਦਾ ਸੀ ਇਕਲੌਤਾ ਭਰਾ
ਕਾਕਾ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਕਾਕਾ ਦੇ ਪਿਤਾ ਦਰਸ਼ਨ ਸਿੰਘ ਪੰਜਾਬ ਪੁਲਸ ਵਿੱਚ ਸਬ-ਇੰਸਪੈਕਟਰ ਹਨ। ਉਨ੍ਹਾਂ ਨੇ ਦੱਸਿਆ ਕਿ ਕਾਕਾ ਸਾਲ 2019 ਵਿੱਚ ਕੈਨੇਡਾ ਦੇ ਟੋਰਾਂਟੋ ਸ਼ਹਿਰ ਗਿਆ ਸੀ। ਜਿੱਥੇ ਉਸ ਨੇ ਬੀ.ਟੈਕ ਦੀ ਡਿਗਰੀ ਹਾਸਲ ਕੀਤੀ। ਬੀਤੀ ਰਾਤ ਉਹ ਆਪਣੇ ਦੋਸਤਾਂ ਨਾਲ ਖਾਣਾ ਖਾਣ ਗਿਆ ਸੀ। ਰਾਤ ਦਾ ਖਾਣਾ ਖਾਣ ਤੋਂ ਬਾਅਦ ਉਸ ਦੇ ਦੋਸਤ ਚਲੇ ਗਏ ਅਤੇ ਦਿਲ ਦਾ ਦੌਰਾ ਪੈਣ ਕਾਰਨ ਕਾਰ ਵਿਚ ਹੀ ਉਸ ਦੀ ਮੌਤ ਹੋ ਗਈ।
ਦੋ ਗੀਤ ਕੀਤੇ ਰਿਲੀਜ਼
ਕਾਕਾ ਨੂੰ ਲਿਖਣ ਅਤੇ ਗਾਉਣ ਦਾ ਬਹੁਤ ਸ਼ੌਕ ਸੀ ਅਤੇ ਉਹ ਆਪਣਾ ਯੂਟਿਊਬ ਚੈਨਲ ਵੀ ਚਲਾਉਂਦਾ ਸੀ। ਕਾਕਾ ਨੇ ਆਪਣੇ ਚੈਨਲ 'ਤੇ ਦੋ ਗੀਤ ਵੀ ਰਿਲੀਜ਼ ਕੀਤੇ ਸਨ। ਉਸ ਨੇ ਨੋ ਮਨੀ ਅਤੇ ਵਾਏ ਯੂ ਹੇਟ ਦੇ ਸਿਰਲੇਖ ਵਾਲੇ ਗੀਤਾਂ ਨੂੰ ਰਿਕਾਰਡ ਅਤੇ ਅਪਲੋਡ ਕੀਤਾ ਸੀ। ਜਿਸ ਨੂੰ ਲੋਕਾਂ ਵੱਲੋਂ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਉਹ ਨਾਲ ਕੰਮ ਵੀ ਕਰਦਾ ਸੀ।
ਭਾਰਤ ਅਤੇ ਪੰਜਾਬ ਸਰਕਾਰ ਨੂੰ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ
ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਦੇਹ ਨੂੰ ਜਲਦੀ ਇੱਥੇ ਲਿਆਂਦਾ ਜਾਵੇ। ਇੱਥੇ ਤੁਹਾਨੂੰ ਦੱਸ ਦੇਈਏ ਕਿ ਕਾਕਾ ਵਿਰਕ ਦੀ ਗਾਇਕੀ ਦਾ ਅੰਦਾਜ਼ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵਰਗਾ ਸੀ।