ਖਬਰਿਸਤਾਨ ਨੈੱਟਵਰਕ- RBI (ਭਾਰਤੀ ਰਿਜ਼ਰਵ ਬੈਂਕ) ਨੇ ਰੈਪੋ ਰੇਟ ਵਿੱਚ ਕਟੌਤੀ ਕੀਤੀ ਹੈ, ਜਿਸ ਨਾਲ ਘਰ ਜਾਂ ਕਾਰ ਲੋਨ ਲੈਣ ਵਾਲਿਆਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਦੱਸ ਦੇਈਏ ਕਿ RBI (ਭਾਰਤੀ ਰਿਜ਼ਰਵ ਬੈਂਕ) ਨੇ ਰੈਪੋ ਰੇਟ ਵਿੱਚ 0.25 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ, ਜਿਸ ਕਾਰਨ ਇਹ ਹੁਣ ਘੱਟ ਕੇ 6 ਪ੍ਰਤੀਸ਼ਤ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਬੈਂਕ ਕਰਜ਼ਿਆਂ ਉਤੇ EMI ਘੱਟ ਹੋ ਸਕਦੀ ਹੈ।
ਫਰਵਰੀ ਦੇ ਮਹੀਨੇ ਵਿੱਚ ਵੀ ਕਟੌਤੀ ਕੀਤੀ ਗਈ ਸੀ
ਆਰਬੀਆਈ ਨੇ ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿੱਚ ਰੈਪੋ ਰੇਟ ਵਿੱਚ ਕਟੌਤੀ ਕੀਤੀ ਸੀ। ਉਸ ਸਮੇਂ ਰੈਪੋ ਰੇਟ 6.50 ਪ੍ਰਤੀਸ਼ਤ ਸੀ, ਜਿਸ ਤੋਂ ਬਾਅਦ ਇਸ ਨੂੰ 0.25 ਪ੍ਰਤੀਸ਼ਤ ਘਟਾ ਕੇ 6.25 ਪ੍ਰਤੀਸ਼ਤ ਕਰ ਦਿੱਤਾ ਗਿਆ ਸੀ। ਇਹ ਕਟੌਤੀ ਮੁਦਰਾ ਨੀਤੀ ਕਮੇਟੀ ਦੁਆਰਾ ਲਗਭਗ 5 ਸਾਲਾਂ ਬਾਅਦ ਕੀਤੀ ਗਈ ਹੈ।
ਰੈਪੋ ਰੇਟ ਦਾ ਕੀ ਫਾਇਦਾ ਹੋਵੇਗਾ?
ਰੈਪੋ ਰੇਟ ਘਟਣ ਤੋਂ ਬਾਅਦ ਬੈਂਕ ਹਾਊਸਿੰਗ ਅਤੇ ਹੋਰ ਕਰਜ਼ਿਆਂ 'ਤੇ ਵੀ ਆਪਣੀਆਂ ਵਿਆਜ ਦਰਾਂ ਘਟਾ ਸਕਦੇ ਹਨ। ਜੇਕਰ ਵਿਆਜ ਦਰਾਂ ਘੱਟ ਜਾਂਦੀਆਂ ਹਨ, ਤਾਂ ਹੋਮ ਲੋਨ ਦੀ ਮੰਗ ਵਧੇਗੀ। ਵਧੇਰੇ ਲੋਕ ਰੀਅਲ ਅਸਟੇਟ ਵਿੱਚ ਨਿਵੇਸ਼ ਕਰਨ ਦੇ ਯੋਗ ਹੋਣਗੇ। ਇਸ ਨਾਲ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਮਿਲੇਗਾ।