ਰਵਨੀਤ ਸਿੰਘ ਬਿੱਟੂ ਨੇ ਅੱਜ ਦਿੱਲੀ ਵਿਖੇ ਰੇਲ, ਫ਼ੂਡ ਪ੍ਰੋਸੈਸਿੰਗ ਦੇ ਰਾਜ ਮੰਤਰੀ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਵਿਭਾਗ ਦੇ ਕਰਮਚਾਰੀਆਂ ਨਾਲ ਮੁਲਾਕਾਤ ਵੀ ਕੀਤੀ।
ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਉਹ ਰੇਲਵੇ ਨੂੰ ਅੱਗੇ ਲਿਜਾਣ ਲਈ ਹਰ ਸੰਭਵ ਯਤਨ ਕਰਨਗੇ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਕਾਬਲ ਸਮਝਿਆ।
ਉਨ੍ਹਾਂ ਕਿਹਾ ਕਿ ਇਹ ਜ਼ਿੰਮੇਵਾਰੀ ਬਹੁਤ ਵੱਡੀ ਹੈ।ਰੇਲਵੇ ਮਨਿਸਟਰੀ ਵਿਚ ਬਹੁਤ ਕੰਮ ਹੋ ਸਕਦਾ ਹੈ ਤੇ ਅਸੀਂ ਹੁਣ ਕਰਾਂਗੇ। ਰੇਲਵੇ ਵਿਚ ਭਰਤੀ ਵੀ ਜ਼ਿਆਦਾ ਹੈ ਤੇ ਵੱਧ ਤੋਂ ਵੱਧ ਪੰਜਾਬੀਆਂ ਨੂੰ ਮੌਕਾ ਮਿਲੇ। ਬਹੁਤ ਲੋਕ ਜੋ ਸਵੇਰੇ ਰੇਲਵੇ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਂਦੇ-ਜਾਂਦੇ ਹਨ, ਉਨ੍ਹਾਂ ਲਈ ਸਹੂਲਤਾਂ ਤੇ ਫੂਡ ਵਧੀਆ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਟਰੇਨਾਂ ਰਾਹੀਂ ਮਾਲ ਦੀ ਢੋਆ-ਢੁਆਈ ਸੁਚੱਜੇ ਢੰਗ ਨਾਲ ਕਰਵਾਉਣ ਬਾਰੇ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕੈਬਨਿਟ ਮੰਤਰੀ ਅਸ਼ਵਨੀ ਵੈਸ਼ਣਵ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਨਾਲ ਮਿਲ ਕੇ ਹੋਰ ਵਧੀਆ ਕੰਮ ਕਰਾਂਗੇ। ਆਉਣ ਵਾਲੇ ਦਿਨਾਂ ਵਿਚ ਕਪੂਰਥਲਾ ਰੇਲ ਕੋਚ ਫੈਕਟਰੀ, ਜਿਥੇ ਵਧੀਆ ਕੋਚ, ਵੰਦੇ ਭਾਰਤ ਕੋਚ ਤਿਆਰ ਹੁੰਦੇ ਹਨ, ਉਸ ਨੂੰ ਹੋਰ ਕਿਵੇਂ ਵਧੀਆ ਕਰ ਸਕਦੇ ਹਾਂ, ਉਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਫੂਡ ਪ੍ਰੋਸੈਸਿੰਗ ਵਿਚ ਆਲੂ ਚਿਪਸ ਤੇ ਸੋਸ ਮਹਿੰਗੇ ਵਿਕਦੇ ਹਨ, ਅਸੀਂ ਇਹ ਚੀਜ਼ਾਂ ਇਸ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ। ਟਮਾਟਰ ਤੇ ਆਲੂ ਇੰਡਸਟਰੀਜ਼ ਕਿੰਨੀਆਂ ਵੱਡੀਆਂ ਹਨ, ਇਹ ਸਾਮਾਨ ਕਿਵੇਂ ਜਲਦੀ ਪਹੁੰਚਾਇਆ ਜਾਵੇ। ਅਸੀਂ ਚਾਹੁੰਦੇ ਹਾਂ ਕਿ ਕਿਸਾਨ ਰੋਜ਼ ਆਪਣੀ ਫਸਲ ਵੇਚੇ। ਫੂਡ ਪ੍ਰੋਸੈਸਿੰਗ ਵਿਚ ਕਿਵੇਂ ਮੰਡੀਕਰਨ ਰਾਹੀਂ ਸਿੱਧਾ ਕਿਸਾਨ ਨੂੰ ਫਾਇਦਾ ਹੋਵੇ ਉਸ ਲਈ ਕੰਮ ਕੀਤਾ ਜਾਵੇਗਾ।
ਉਨ੍ਹਾਂ ਕਿ ਕੋਈ ਵੀ ਰੇਲ ਸ਼ੁਰੂ ਹੋਵੇਗੀ ਤਾਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਕਰੇਗੀ। ਪੰਜਾਬ ਵਿਚ ਮੈਨੂੰ ਮੰਤਰੀ ਬਣਾਇਆ ਗਿਆ ਹੈ ਤੇ ਮੇਰਾ ਰੋਲ ਅਹਿਮ ਹੈ ਮੇਰੇ ਕੋਲ ਦੋ ਮਹਿਕਮੇ ਹਨ, ਮੈਂ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾਂ। ਸਾਰੇ ਮਿਲ ਕੇ ਕੰਮ ਕਰਾਂਗੇ, ਜਦੋਂ ਤੁਸੀਂ ਆਪ ਸਹੀ ਦਿਸ਼ਾ ਵੱਲ ਤੁਰ ਪੈਂਦੇ ਹੋ ਤਾਂ ਤੁਹਾਨੂੰ ਸਹੀ ਕੰਮ ਕਰਨ ਵਾਲੇ ਲੋਕ ਵੀ ਮਿਲ ਜਾਂਦੇ ਹਨ।
ਬਿੱਟੂ ਨੇ ਕਿਹਾ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਕੇ ਰੇਲਵੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੇਲਵੇ ਸੇਵਾ ਇੱਕ ਅਜਿਹਾ ਕੰਮ ਹੈ ਜੋ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜਿਆ ਹੋਇਆ ਹੈ। ਦਰਜਾ-4 ਦੇ ਮੁਲਾਜ਼ਮਾਂ ਤੋਂ ਲੈ ਕੇ ਅਫਸਰਾਂ ਤੱਕ ਸਾਰਿਆਂ ਨੂੰ ਬਰਾਬਰ ਸਨਮਾਨ ਦੇ ਕੇ ਰੇਲਵੇ ਨੂੰ ਵਿਕਾਸ ਦੇ ਰਾਹ 'ਤੇ ਲਿਜਾਇਆ ਜਾਵੇਗਾ।