ਜਲੰਧਰ 'ਚ ਮਸ਼ਹੂਰ ਟਰੈਵਲ ਏਜੰਟ ਆਰ.ਐੱਸ.ਗਲੋਬਲ ਦੇ ਮਾਲਕ ਸੁਖਚੈਨ ਸਿੰਘ ਰਾਹੀ ਨੂੰ ਰੇਪ ਦੇ ਦੋਸ਼ 'ਚ ਅੱਜ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦੇ ਰਿਮਾਂਡ ’ਤੇ ਲਿਆ ਸੀ, ਜੋ ਕੱਲ੍ਹ ਸਮਾਪਤ ਹੋ ਗਿਆ। ਇਸ ਤੋਂ ਬਾਅਦ ਪੁਲਸ ਅੱਜ ਉਸ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰੇਗੀ।
ਪੁਲਸ ਨੇ ਫਾਰਚੂਨਰ, ਸੀਸੀਟੀਵੀ ਫੁਟੇਜ ਜ਼ਬਤ ਕੀਤੀ
ਦੱਸ ਦੇਈਏ ਕਿ ਰਾਹੀ ਨੇ 24 ਸਾਲਾ ਲੜਕੀ ਨੂੰ ਸੈਮੀਨਾਰ ਦੇ ਬਹਾਨੇ ਇੱਕ ਹੋਟਲ ਵਿੱਚ ਬੁਲਾਇਆ ਅਤੇ ਫਿਰ ਉਸ ਨਾਲ ਰੇਪ ਕੀਤਾ। ਜਾਣਕਾਰੀ ਅਨੁਸਾਰ ਪੁਲਸ ਨੇ ਸਬੂਤ ਵਜੋਂ ਕੱਲ੍ਹ ਹੋਟਲ ਵਿੱਚ ਲੱਗੇ ਕੁਝ ਸੀਸੀਟੀਵੀ ਕੈਮਰੇ ਕਬਜ਼ੇ ਵਿੱਚ ਲਏ ਹਨ। ਪੁਲਸ ਇਹ ਸੀਸੀਟੀਵੀ ਫੁਟੇਜ ਜੱਜ ਦੇ ਸਾਹਮਣੇ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ। ਨਾਲ ਹੀ ਜਾਂਚ 'ਚ ਪਤਾ ਲੱਗਾ ਹੈ ਕਿ ਦੋਸ਼ੀ ਆਪਣੀ ਫਾਰਚੂਨਰ ਕਾਰ 'ਚ ਹੋਟਲ ਪਹੁੰਚਿਆ ਸੀ। ਇਸ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਰਾਹੀ ਦੀ ਫਾਰਚੂਨਰ ਕਾਰ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਲੜਕੀ ਨੇ ਤਿੰਨ ਪੰਨਿਆਂ ਦਾ ਲਿਖਿਆ ਸੁਸਾਇਡ ਨੋਟ
ਖੁਦਕੁਸ਼ੀ ਨੋਟ 'ਚ ਪੀੜਤਾ ਨੇ ਲਿਖਿਆ ਹੈ ਕਿ ਉਹ ਜਲੰਧਰ ਦੇ ਗੜ੍ਹਾ ਰੋਡ 'ਤੇ ਸਥਿਤ ਪੀ.ਜੀ. ਵਿਚ ਰਹਿੰਦੀ ਹੈ, ਉਸ ਨੇ 20 ਅਗਸਤ ਨੂੰ ਇੰਡੋ ਕੈਨੇਡੀਅਨ ਦੀ ਨਾਲ ਵਾਲੀ ਗਲੀ ਵਿੱਚ ਸਥਿਤ ਆਰਐਸ ਗਲੋਬਲ ਟਰੈਵਲ ਏਜੰਸੀ ਦੇ ਦਫ਼ਤਰ ਵਿੱਚ ਫੋਨ ਕੀਤਾ ਸੀ। ਉਸ ਦੀ ਕੰਪਨੀ ਦੀ ਕਰਮਚਾਰੀ ਪੱਲਵੀ ਨਾਲ ਫੋਨ 'ਤੇ ਗੱਲ ਹੋਈ, ਜਿਸ ਨੇ ਅਗਲੇ ਦਿਨ ਯਾਨੀ 21 ਅਗਸਤ ਨੂੰ ਦਫ਼ਤਰ ਆਉਣ ਲਈ ਕਿਹਾ।
ਜਿੱਥੇ ਉਸ ਦੀ ਮੀਟਿੰਗ ਸੁਖਚੈਨ ਸਿੰਘ ਰਾਹੀ ਨਾਂ ਦੇ ਟਰੈਵਲ ਏਜੰਸੀ ਦੇ ਮਾਲਕ ਨਾਲ ਕਰਵਾਈ ਗਈ, ਜੋ ਕੰਪਨੀ ਦਾ ਮਾਲਕ ਹੋਣ ਦਾ ਦਾਅਵਾ ਕਰਦਾ ਸੀ। ਮੁਲਜ਼ਮ ਨੇ ਪੀੜਤਾ ਦਾ ਨੰਬਰ ਲੈ ਲਿਆ। ਲੜਕੀ ਨੇ ਉਸ ਨੂੰ ਸਿੰਗਾਪੁਰ ਭੇਜਣ ਦਾ ਕਿਹਾ ਪਰ ਸੁਖਚੈਨ ਸਿੰਘ ਰਾਹੀ ਨੇ ਉਸ ਨੂੰ ਵਰਕ ਪਰਮਿਟ 'ਤੇ ਕੈਨੇਡਾ ਭੇਜਣ ਦੀ ਗੱਲ ਆਖੀ, ਜਿਸ ਵਿੱਚ ਉਸ ਦਾ ਖਰਚਾ ਵੀ ਘੱਟ ਹੋਵੇਗਾ।
ਹੋਟਲ ਵਿੱਚ ਬਹਾਨੇ ਨਾਲ ਬੁਲਾਇਆ
ਜਿਸ ਤੋਂ ਬਾਅਦ ਲੜਕੀ ਨੇ ਆਪਣੇ ਸਾਰੇ ਦਸਤਾਵੇਜ਼ ਉਸ ਦੇ ਨੰਬਰ 'ਤੇ ਭੇਜ ਦਿੱਤੇ। ਮੁਲਜ਼ਮ ਨੇ ਪੀੜਤ ਲੜਕੀ ਨੂੰ ਬੱਸ ਸਟੈਂਡ ਤੋਂ ਕਚਹਿਰੀ ਨੂੰ ਜਾਂਦੇ ਰਸਤੇ ਵਿੱਚ ਆਉਂਦੇ ਇਕ ਹੋਟਲ ਵਿੱਚ ਬੁਲਾਇਆ ਅਤੇ ਕਿਹਾ ਕਿ ਹੋਰ ਵਿਦਿਆਰਥੀ ਵੀ ਆ ਰਹੇ ਹਨ। ਮੁਲਜ਼ਮ ਨੇ ਕਿਹਾ, ਮੈਂ ਤੈਨੂੰ ਕਿਤੇ ਹੋਰ ਦਾਖ਼ਲਾ ਦਿਵਾ ਦੇਵਾਂਗਾ। ਫਿਰ ਅਗਲੇ ਦਿਨ ਪੀੜਤਾ ਹੋਟਲ ਚਲੀ ਗਈ, ਜਿੱਥੇ ਉਸ ਨੂੰ ਸੁਖਚੈਨ ਸਿੰਘ ਰਾਹੀ ਮਿਲਿਆ। ਹੋਟਲ ਵਿਚ ਆਉਣ ਤੋਂ ਬਾਅਦ ਰਾਹੀ ਉਸ ਨੂੰ ਦੂਜੀ ਮੰਜ਼ਿਲ 'ਤੇ ਬਣੇ ਕਮਰੇ 'ਚ ਲੈ ਗਿਆ।
ਕੋਲਡ ਡਰਿੰਕ ਪਿਆ ਕੇ ਕੀਤਾ ਗਲਤ ਕੰਮ
ਪੀੜਤਾ ਨੇ ਸੁਸਾਈਡ ਨੋਟ 'ਚ ਅੱਗੇ ਲਿਖਿਆ ਕਿ ਉਸ ਨੂੰ ਕਮਰੇ 'ਚ ਕੋਲਡ ਡਰਿੰਕ ਵਿਚ ਕੁਝ ਨਸ਼ੀਲਾ ਪਦਾਰਥ ਮਿਲਾ ਕੇ ਦਿੱਤਾ ਗਿਆ, ਜਿਸ ਨੂੰ ਪੀਣ ਤੋਂ ਬਾਅਦ ਉਸ ਨੂੰ ਕੁਝ ਯਾਦ ਨਹੀਂ ਕਿ ਉਸ ਨਾਲ ਕੀ ਹੋਇਆ। ਪਰ ਬਾਅਦ ਵਿਚ ਮਹਿਸੂਸ ਹੋਇਆ ਕਿ ਮੇਰੇ ਨਾਲ ਦੋ ਵਾਰ ਕੁਝ ਗਲਤ ਹੋਇਆ ਹੈ, ਜਿਸ ਤੋਂ ਬਾਅਦ ਦੋਸ਼ੀ ਮੈਨੂੰ ਪੀ.ਜੀ. ਛੱਡ ਗਿਆ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਕਿਤੇ ਵੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਹਾਂ। ਜਿਸ ਕਾਰਨ ਮੈਂ ਹੁਣ ਇਹ ਜ਼ਿੰਦਗੀ ਜਿਊਣਾ ਨਹੀਂ ਚਾਹੁੰਦੀ। ਮੇਰੀ ਮੌਤ ਦਾ ਜ਼ਿੰਮੇਵਾਰ ਸਿਰਫ ਸੁਖਚੈਨ ਸਿੰਘ ਰਾਹੀ ਹੋਵੇਗਾ। ਪੀੜਤਾ ਨੇ ਅੱਗੇ ਲਿਖਿਆ ਕਿ ਮੇਰੀ ਬੇਨਤੀ ਹੈ ਕਿ ਰਾਹੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਕਿਸੇ ਹੋਰ ਕੁੜੀ ਨਾਲ ਅਜਿਹਾ ਗਲਤ ਕੰਮ ਨਾ ਹੋਵੇ। ਕੁੜੀ ਨੇ ਹੇਠਾਂ ਸੁਸਾਇਡ ਨੋਟ ਉਤੇ ਆਪਣਾ ਨਾਂ ਵੀ ਲਿਖਿਆ।
ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾਇਆ
ਦੱਸ ਦਈਏ ਕਿ ਪੀੜਤਾ ਨੇ ਫਿਨਾਇਲ ਦੀਆਂ 3 ਗੋਲੀਆਂ ਖਾ ਲਈਆਂ ਸਨ। ਪਰ ਹੁਣ ਉਹ ਬਿਲਕੁਲ ਠੀਕ ਹੈ। ਇਸ ਤੋਂ ਇਲਾਵਾ ਪੀੜਤਾ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ।