ਜਲੰਧਰ 'ਚ ਡੀਐਸਪੀ ਦਲਬੀਰ ਸਿੰਘ ਦਿਓਲ ਦੀ ਮੌਤ ਸਬੰਧੀ ਪੁਲਸ ਨੇ ਅਹਿਮ ਖ਼ੁਲਾਸਾ ਕੀਤਾ ਹੈ। ਪੁਲਸ ਨੇ ਦੱਸਿਆ ਕਿ ਡੀਐਸਪੀ ਦਾ ਕਤਲ ਲੁਟੇਰਿਆਂ ਨੇ ਕੀਤਾ ਹੈ। ਪੋਸਟਮਾਰਟਮ ਤੋਂ ਬਾਅਦ ਦਲਬੀਰ ਸਿੰਘ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।
ਲੁੱਟ ਦੀ ਹੋਈ ਸੀ ਕੋਸ਼ਿਸ਼
ਮੀਡੀਆ ਰਿਪੋਰਟਾਂ ਮੁਤਾਬਕ ਡੀਐਸਪੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੌਰਾਨ ਲੁਟੇਰਿਆਂ ਅਤੇ ਡੀਐਸਪੀ ਵਿਚਾਲੇ ਝੜਪ ਵੀ ਹੋਈ। ਇਸ ਦੌਰਾਨ ਲੁਟੇਰਿਆਂ ਨੇ ਡੀ ਐਸ ਪੀ ਦੇ ਸਰਵਿਸ ਪਿਸਤੌਲ ਨਾਲ ਹੀ ਉਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਣ ਦਲਬੀਰ ਸਿੰਘ ਦਿਓਲ ਦੀ ਮੌਤ ਹੋ ਗਈ।
ਅੰਤਿਮ ਸੰਸਕਾਰ ਕਪੂਰਥਲਾ ਵਿੱਚ ਹੋਵੇਗਾ
ਡੀਐਸਪੀ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਕਪੂਰਥਲਾ ਦੇ ਪਿੰਡ ਖੋਜੇਵਾਲਾ ਵਿੱਚ ਕੀਤਾ ਜਾਵੇਗਾ। ਉਹ ਕੁਝ ਸਮੇਂ ਤੋਂ ਡਿਪ੍ਰੈਸ਼ਨ ਵਿਚ ਸੀ। ਹਾਲ ਹੀ ਵਿੱਚ ਉਸ ਨੇ ਮੰਡ ਪਿੰਡ ਵਿੱਚ ਵੀ ਗੋਲੀਆਂ ਚਲਾਈਆਂ ਸਨ।
ਪੁਲਸ ਨੇ ਮਾਮਲਾ ਕੀਤਾ ਦਰਜ
ਦੱਸ ਦਈਏ ਕਿ ਦੇਰ ਸ਼ਾਮ ਤੱਕ ਕਰੀਬ 5 ਟੀਮਾਂ ਨੇ ਕ੍ਰਾਈਮ ਸੀਨ ਦੀ ਜਾਂਚ ਕੀਤੀ ਅਤੇ ਉਥੋਂ ਦੋ ਖੋਲ੍ਹ ਬਰਾਮਦ ਕੀਤੇ। ਜਦੋਂ ਖਾਲੀ ਖੋਲ੍ਹ ਨੂੰ ਜਾਂਚ ਲਈ ਭੇਜਿਆ ਗਿਆ ਤਾਂ ਪਤਾ ਲੱਗਾ ਕਿ ਉਕਤ ਖੋਲ੍ਹ ਡੀਐਸਪੀ ਦੇ ਪਿਸਤੌਲ ਦੇ ਹੀ ਸਨ। ਇਸ ਮਾਮਲੇ ਵਿੱਚ ਪੁਲਸ ਨੇ ਆਈਪੀਸੀ ਦੀ ਧਾਰਾ 302 (ਕਤਲ), 379-ਬੀ (ਡਕੈਤੀ), 34 (ਜੁਰਮ ਵਿੱਚ ਇੱਕ ਤੋਂ ਵੱਧ ਮੁਲਜ਼ਮ ਸ਼ਾਮਲ ਸਨ) ਅਤੇ ਅਸਲਾ ਐਕਟ ਦੀ ਧਾਰਾ 25-54-59 ਤਹਿਤ ਕੇਸ ਦਰਜ ਕੀਤਾ ਹੈ।