ਜਲੰਧਰ 'ਚ ਦਿਨ-ਦਿਹਾੜੇ ਲੁਟੇਰਿਆਂ ਨੇ ਜਿਊਲਰੀ ਦੀ ਦੁਕਾਨ 'ਤੇ ਬੰਦੂਕ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸ੍ਰੀ ਰਾਮ ਚੌਕ (ਕੰਪਨੀ ਬਾਗ) ਨੇੜੇ ਰਵੀ ਜਿਊਲਰ ਦੀ ਦੁਕਾਨ ਤੋਂ ਲੁਟੇਰੇ ਬੰਦੂਕ ਦੀ ਨੋਕ ’ਤੇ 5 ਸੋਨੇ ਦੀਆਂ ਚੇਨੀਆਂ ਲੈ ਕੇ ਫਰਾਰ ਹੋ ਗਏ। ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਗਹਿਣੇ ਖਰੀਦਣ ਦੇ ਬਹਾਨੇ ਦੁਕਾਨ 'ਚ ਦਾਖਲ ਹੋਏ
ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਦੂਜੇ ਪਾਸੇ ਥਾਣਾ 4 ਦੀ ਪੁਲਸ ਤੇ ਸੀ.ਆਈ.ਏ ਸਟਾਫ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਊਲਰ ਦੀ ਦੁਕਾਨ 'ਤੇ ਕੰਮ ਕਰਦੇ ਵਿਅਕਤੀ ਨੇ ਦੱਸਿਆ ਕਿ 3 ਨੌਜਵਾਨਾਂ ਨੇ ਦੁਕਾਨ 'ਚ ਦਾਖਲ ਹੋ ਕੇ 5 ਸੋਨੇ ਦੀਆਂ ਚੇਨੀਆਂ ਖੋਹ ਲਈਆਂ ਅਤੇ ਬਦਲੇ 'ਚ 50 ਹਜ਼ਾਰ ਰੁਪਏ ਦੇ ਦਿੱਤੇ |
ਪੈਸੇ ਮੰਗਣ 'ਤੇ ਕੱਢੀ ਪਿਸਤੌਲ
ਇਸ ਦੌਰਾਨ ਲੁਟੇਰਿਆਂ ਨੇ ਕਿਹਾ ਕਿ ਉਹ ਬਾਕੀ ਪੈਸੇ ਏਟੀਐਮ ਕਾਰਡ ਅਤੇ ਗੂਗਲ ਪੇਅ ਰਾਹੀਂ ਦਿੰਦੇ ਹਨ। ਜਦੋਂ ਦੁਕਾਨਦਾਰ ਨੌਜਵਾਨ ਦਾ ਏਟੀਐਮ ਸਵਾਈਪ ਕਰਨ ਲੱਗਾ ਤਾਂ ਇੱਕ ਨੌਜਵਾਨ ਨੇ ਕੈਸ਼ ਕਾਊਂਟਰ ’ਤੇ ਖੜ੍ਹੇ ਨੌਜਵਾਨ ’ਤੇ ਪਿਸਤੌਲ ਤਾਣ ਦਿੱਤੀ।
ਇਸ ਤੋਂ ਬਾਅਦ ਲੁਟੇਰੇ 50 ਹਜ਼ਾਰ ਰੁਪਏ ਅਤੇ ਪੰਜ ਸੋਨੇ ਦੀਆਂ ਚੇਨੀਆਂ ਖੋਹ ਕੇ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ। ਦੂਜੇ ਪਾਸੇ ਸੀਆਈਏ ਸਟਾਫ਼ ਦੇ ਏਸੀਪੀ ਪਰਮਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।