ਜਲੰਧਰ ਸ਼ਹਿਰ 'ਚ ਵੱਡੇ ਪੱਧਰ 'ਤੇ ਹੈਰੋਇਨ ਦੀ ਤਸਕਰੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ 'ਤੇ STF ਦੀ ਟੀਮ ਲਗਾਤਾਰ ਕਾਰਵਾਈ ਕਰ ਰਹੀ ਹੈ ਤੇ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇੱਕ ਹਫ਼ਤੇ ਵਿੱਚ ਦੂਜਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਾਡੋਵਾਲੀ ਰੋਡ 'ਤੇ STF ਦੀ ਟੀਮ ਨੇ ਕਰੀਬ 2.5 ਕਰੋੜ ਰੁਪਏ ਦੀ ਹੈਰੋਇਨ ਸਪਲਾਈ ਕਰਨ ਜਾ ਰਹੇ ਦੋ ਸਮੱਗਲਰਾਂ ਨੂੰ ਕਾਬੂ ਕੀਤਾ ਹੈ।
ਐਸਟੀਐਫ ਦੇ ਏ ਐਸ ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੈਰੋਇਨ ਤਸਕਰ ਬੀਐਸਐਫ ਚੌਕ ਤੋਂ ਲਾਡੋਵਾਲੀ ਰੋਡ ਤੋਂ ਸਪਲਾਈ ਕਰਨ ਲਈ ਜਾ ਰਹੇ ਹਨ। ਇਸ ਉਤੇ ਕਾਰਵਾਈ ਕਰਦਿਆਂ ਨਾਕਾਬੰਦੀ ਕੀਤੀ ਤੇ ਇਸ ਦੌਰਾਨ ਬਲੈਰੋ ਗੱਡੀ ਨੂੰ ਰੋਕ ਕੇ ਉਸ ਵਿੱਚ ਬੈਠੇ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਤਾਂ ਇੱਕ ਨੌਜਵਾਨ ਹੇਠਾਂ ਉਤਰ ਕੇ ਉਨ੍ਹਾਂ ਨਾਲ ਗੱਲ ਕਰਨ ਲੱਗਾ ਅਤੇ ਦੂਜਾ ਗੱਡੀ ਭਜਾ ਕੇ ਲੈ ਗਿਆ।
ਉਸ ਦਾ ਪਿੱਛਾ ਕਰ ਕੇ ਕਿੰਗ ਹੋਟਲ ਨੇੜੇ ਫੜਿਆ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਤਸਕਰਾਂ ਕੋਲੋਂ ਹੈਰੋਇਨ ਬਰਾਮਦ ਹੋਈ, ਜਿਸ ਦੀ ਕੀਮਤ ਕਰੀਬ 2.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਤਸਕਰਾਂ ਦੀ ਪਛਾਣ ਅਵਿਨਾਸ਼ ਕੁਮਾਰ ਭੱਲਾ ਅਤੇ ਵੀਰੂ ਕਲਿਆਣ ਵਜੋਂ ਹੋਈ ਹੈ। ਇਨ੍ਹਾਂ ਤਸਕਰਾਂ ਵਿੱਚੋਂ ਇੱਕ ਗੁਰੂ ਨਾਨਕਪੁਰਾ ਅਤੇ ਦੂਜਾ ਅਜੀਤ ਨਗਰ ਦਾ ਰਹਿਣ ਵਾਲਾ ਹੈ।