ਖਬਰਿਸਤਾਨ ਨੈੱਟਵਰਕ- ਇਕ ਵਾਰ ਫਿਰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਵਟਸਐਪ ਰਾਹੀਂ ਦਿੱਤੀ ਗਈ ਹੈ।ਜਾਣਕਾਰੀ ਅਨੁਸਾਰ ਇੱਕ ਅਣਪਛਾਤੇ ਵਿਅਕਤੀ ਨੇ ਮੁੰਬਈ ਦੇ ਵਰਲੀ ਵਿੱਚ ਟਰਾਂਸਪੋਰਟ ਵਿਭਾਗ ਨੂੰ ਇੱਕ ਵਟਸਐਪ ਉਤੇ ਧਮਕੀ ਭਰਿਆ ਸੰਦੇਸ਼ ਭੇਜਿਆ, ਜਿਸ ਵਿੱਚ ਸਲਮਾਨ ਖਾਨ ਦੀ ਕਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ।
ਕੀ ਲਿਖਿਆ ਧਮਕੀ ਵਾਲੇ ਮੈਸੇਜ ਵਿਚ
ਐਤਵਾਰ ਦੇਰ ਰਾਤ ਭੇਜੇ ਗਏ ਇਸ ਧਮਕੀ ਭਰੇ ਮੈਸੇਜ ਵਿੱਚ ਲਿਖਿਆ ਹੈ ਕਿ ਅਸੀਂ ਸਲਮਾਨ ਖਾਨ ਦੇ ਘਰ ਵਿੱਚ ਦਾਖਲ ਹੋਵਾਂਗੇ ਅਤੇ ਉਨ੍ਹਾਂ ਨੂੰ ਮਾਰ ਦੇਵਾਂਗੇ। ਮੁੰਬਈ ਦੀ ਵਰਲੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 351 (2) (3) ਦੇ ਤਹਿਤ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗਲੈਕਸੀ ਅਪਾਰਟਮੈਂਟ ‘ਚ ਹੋ ਚੁੱਕੀ ਗੋਲੀਬਾਰੀ
ਜ਼ਿਕਰਯੋਗ ਹੈ ਕਿ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ‘ਚ ਗੋਲੀਬਾਰੀ ਹੋਈ ਸੀ। ਲਾਰੈਂਸ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਪੁਲਸ ਨੇ ਇਸ ਮਾਮਲੇ ‘ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਸਲਮਾਨ ਖਾਨ ਨੇ ਇਹ ਕਿਹਾ ਸੀ
ਅਦਾਕਾਰ ਸਲਮਾਨ ਖਾਨ ਨੇ 'ਸਿਕੰਦਰ' ਦੀ ਪ੍ਰੈਸ ਮਿਲਣੀ ਦੌਰਾਨ ਮਿਲ ਰਹੀਆਂ ਧਮਕੀਆਂ ਬਾਰੇ ਕਿਹਾ ਸੀ ਕਿ ਉਹ ਉਦੋਂ ਤੱਕ ਜ਼ਰੂਰ ਜ਼ਿੰਦਾ ਰਹੇਗਾ ਜਦੋਂ ਤੱਕ ਰੱਬ ਅਤੇ ਅੱਲ੍ਹਾ ਨੇ ਉਸ ਲਈ ਲਿਖਿਆ ਹੈ।
ਸਰਕਾਰ ਨੇ Y+ ਸੁਰੱਖਿਆ ਦਿੱਤੀ ਸੀ
ਪਿਛਲੇ ਸਾਲ ਹੋਏ ਹਾਦਸੇ ਤੋਂ ਬਾਅਦ, ਮਹਾਰਾਸ਼ਟਰ ਸਰਕਾਰ ਨੇ ਖਾਨ ਨੂੰ Y+ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ। ਇਸ ਤੋਂ ਇਲਾਵਾ, 11 ਜਵਾਨ ਹਰ ਸਮੇਂ ਉਸਦੇ ਨਾਲ ਰਹਿੰਦੇ ਹਨ, ਜਿਸ ਵਿੱਚ ਇੱਕ ਜਾਂ ਦੋ ਕਮਾਂਡੋ ਅਤੇ 2 ਪੀਐਸਓ ਸ਼ਾਮਲ ਹਨ।