ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ 46 ਲੱਖ ਰੁਪਏ ਦੀ ਬਲੱਡ ਮਨੀ ਦੇ ਕੇ ਚਾਰ ਨੌਜਵਾਨਾਂ ਨੂੰ ਫਾਂਸੀ ਤੋਂ ਬਚਾਇਆ ਹੈ। ਟਰੱਸਟ ਦੇ ਮੁਖੀ ਡਾ.ਐਸ.ਪੀ.ਸਿੰਘ ਓਬਰਾਏ ਦੀ ਅਗਵਾਈ ਹੇਠ ਚਾਰੇ ਨੌਜਵਾਨਾਂ ਦੀ ਸਜ਼ਾ ਮੁਆਫ਼ ਹੋ ਗਈ ਹੈ। ਸੰਯੁਕਤ ਅਰਬ ਅਮੀਰਾਤ (UAE) ਦੇ ਸ਼ਾਰਜਾਹ 'ਚ ਇਕ ਭਾਰਤੀ ਨੌਜਵਾਨ ਦੀ ਹੱਤਿਆ ਦੇ ਦੋਸ਼ 'ਚ ਚਾਰ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਤਿੰਨ ਨੌਜਵਾਨ ਪਾਕਿਸਤਾਨ ਦੇ ਹਨ ਅਤੇ ਇੱਕ ਭਾਰਤੀ ਹੈ। ਚਾਰ ਨੌਜਵਾਨਾਂ ਨੂੰ 2019 ਵਿੱਚ ਸ਼ਾਰਜਾਹ ਵਿੱਚ ਇੱਕ ਭਾਰਤੀ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਨੌਜਵਾਨਾਂ ਵਿੱਚ ਭਾਰਤ ਤੋਂ ਪੰਜਾਬ ਦੇ ਗੁਰਦਾਸਪੁਰ ਦੇ ਗੁਰਪ੍ਰੀਤ ਸਿੰਘ ਅਤੇ ਪਾਕਿਸਤਾਨੀ ਪੰਜਾਬ ਤੋਂ ਰਾਓ ਮੁਹੰਮਦ ਆਦਿਲ, ਰਾਣਾ ਤਾਬਿਸ਼ ਰਸ਼ੀਦ ਅਤੇ ਆਦਿਲ ਜਾਵੇਦ ਚੀਮਾ ਸ਼ਾਮਲ ਹਨ।
ਦੋ ਸਾਲ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਸ਼ਾਰਜਾਹ ਅਦਾਲਤ ਨੇ ਇਨ੍ਹਾਂ ਚਾਰਾਂ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਕਾਫੀ ਦੇਰ ਤੱਕ ਕਤਲ ਹੋਏ ਨੌਜਵਾਨ ਦੇ ਮਾਪਿਆਂ ਨਾਲ ਸੰਪਰਕ ਕਰਨ ਤੋਂ ਬਾਅਦ ਡਾ.ਐਸ.ਪੀ ਸਿੰਘ ਨੇ ਉਨ੍ਹਾਂ ਨੂੰ ਬਲੱਡ ਮਨੀ ਲਈ ਰਾਜ਼ੀ ਕਰ ਲਿਆ।
ਦੋ ਸਾਲ ਦੀ ਸੁਣਵਾਈ ਤੋਂ ਬਾਅਦ ਸੁਣਾਈ ਗਈ ਮੌਤ ਦੀ ਸਜ਼ਾ
ਗੁਰਦਾਸਪੁਰ ਜ਼ਿਲ੍ਹੇ ਦੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅੰਮ੍ਰਿਤਸਰ ਇਕਾਈ ਨਾਲ ਸੰਪਰਕ ਕੀਤਾ ਸੀ। ਜਿਸ ਤੋਂ ਬਾਅਦ ਡਾ.ਐਸ.ਪੀ.ਓਬਰਾਏ ਨੇ ਇਸ ਮਾਮਲੇ ਨੂੰ ਅੱਗੇ ਲਿਜਾਣ ਦੀ ਹਰ ਸੰਭਵ ਕੋਸ਼ਿਸ਼ ਕੀਤੀ।
ਮ੍ਰਿਤਕ ਪਰਿਵਾਰ ਨੂੰ ਦਿੱਤੇ 2 ਲੱਖ ਰੁਪਏ
ਸ਼ਾਰਜਾਹ ਅਦਾਲਤ 'ਚ ਜੱਜਾਂ ਦੀ ਮੌਜੂਦਗੀ ਵਿੱਚ ਡਾਕਟਰ ਓਬਰਾਏ ਨੇ ਮ੍ਰਿਤਕ ਨੌਜਵਾਨ ਦੀ ਪਤਨੀ ਅਤੇ ਭਰਾ ਨੂੰ 2 ਲੱਖ ਡਰਾਮ (ਲਗਭਗ 46 ਲੱਖ ਭਾਰਤੀ ਰੁਪਏ) ਬਲੱਡ ਮਨੀ ਵਜੋਂ ਦਿੱਤੇ ਸਨ। ਹੁਕਮਾਂ ਅਨੁਸਾਰ ਦੋਸ਼ੀ ਨੌਜਵਾਨ ਦੀ ਮੌਤ ਦੀ ਸਜ਼ਾ ਨੂੰ 5 ਹਿੱਸਿਆਂ ਵਿਚ ਵੰਡ ਕੇ ਮੁਆਫ ਕਰਨ ਲਈ ਮ੍ਰਿਤਕ ਦੇ ਪਰਿਵਾਰ ਤੋਂ ਮਨਜ਼ੂਰੀ ਲਈ ਗਈ ਸੀ।
ਅਦਾਲਤ ਵਿੱਚ ਅਗਲੀ ਸੁਣਵਾਈ 22 ਜਨਵਰੀ ਨੂੰ
ਡਾ.ਓਬਰਾਏ ਨੇ ਦੱਸਿਆ ਕਿ ਸ਼ਾਰਜਾਹ ਅਦਾਲਤ ਨੇ ਹੁਣ ਅੰਤਿਮ ਫੈਸਲਾ ਦੇਣ ਲਈ ਅਗਲੀ ਸੁਣਵਾਈ 22 ਜਨਵਰੀ 2024 ਲਈ ਤੈਅ ਕੀਤੀ ਹੈ। ਅਤੇ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਦੀ ਪੂਰੀ ਸੰਭਾਵਨਾ ਹੈ। ਸ਼ਰੀਆ ਕਾਨੂੰਨ ਮੁਤਾਬਕ ਜੇਕਰ ਦੋਵਾਂ ਧਿਰਾਂ ਵਿਚਾਲੇ ਸਮਝੌਤੇ ਤੋਂ ਬਾਅਦ ਬਲੱਡ ਮਨੀ ਨੂੰ ਅਦਾਲਤ 'ਚ ਜਮ੍ਹਾ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਸਮਝ ਲਓ ਕਿ ਮੌਤ ਦੀ ਸਜ਼ਾ ਜ਼ਰੂਰ ਮਾਫ ਹੋ ਜਾਵੇਗੀ।
ਪਰਿਵਾਰ ਨੇ ਕੀਤਾ ਧੰਨਵਾਦ
ਓਬਰਾਏ ਨੇ ਵਿਦੇਸ਼ਾਂ ਖਾਸ ਕਰਕੇ ਖਾੜੀ ਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕਿਸੇ ਵੀ ਅਪਰਾਧ ਤੋਂ ਦੂਰ ਰਹਿਣ। ਚਾਰ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਸ਼ਾਰਜਾਹ ਅਦਾਲਤ ਵਿੱਚ ਹੋਏ ਸਮਝੌਤੇ ਤੋਂ ਬਾਅਦ ਦੋਸ਼ੀ ਭਾਰਤੀ ਅਤੇ ਪਾਕਿਸਤਾਨੀ ਨੌਜਵਾਨਾਂ ਦੇ ਪਰਿਵਾਰਾਂ ਨੇ ਵੀ ਡਾ.ਐਸ.ਪੀ ਸਿੰਘ ਓਬਰਾਏ ਦਾ ਧੰਨਵਾਦ ਕੀਤਾ ਹੈ।
2010 ਤੋਂ ਹੁਣ ਤੱਕ ਇਸ ਟਰੱਸਟ ਨੇ 129 ਲੋਕਾਂ ਨੂੰ ਬਚਾਇਆ
ਡਾ: ਓਬਰਾਏ ਨੇ 2010 ਤੋਂ ਲੈ ਕੇ ਹੁਣ ਤੱਕ 129 ਲੋਕਾਂ ਨੂੰ ਫਾਂਸੀ ਜਾਂ 45 ਸਾਲ ਤੋਂ ਜ਼ਿਆਦਾ ਦੀ ਕੈਦ ਤੋਂ ਰਿਹਾਅ ਕਰਵਾਇਆ ਹੈ।