ਜਲੰਧਰ 'ਚ ਇਕ ਜਿਮ ਦੇ ਬਾਹਰ ਨੌਜਵਾਨ ਉਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਨਿਓ ਫਿਟਨੈੱਸ ਜਿਮ ਦੇ ਬਾਹਰ ਨੌਜਵਾਨਾਂ ਨੇ ਇਕ ਵਿਅਕਤੀ 'ਤੇ ਹਮਲਾ ਕਰ ਦਿੱਤਾ। ਇਹ ਵਾਰਦਾਤ 19 ਤਰੀਕ ਦੀ ਦੱਸੀ ਜਾਂਦੀ ਹੈ ਪਰ ਪੁਲਸ ਨੇ ਅੱਜ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ
ਪੁਲਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਪੀੜਤ ਰੋਜ਼ਾਨਾ ਦੀ ਤਰ੍ਹਾਂ ਐਕਸਰਸਾਈਜ਼ ਕਰਨ ਤੋਂ ਬਾਅਦ ਨਿਓ ਫਿਟਨੈੱਸ ਜਿਮ ਤੋਂ ਬਾਹਰ ਨਿਕਲਿਆ ਸੀ ਪਰ ਜਿਵੇਂ ਹੀ ਉਹ ਆਪਣੀ ਥਾਰ ਗੱਡੀ ਪੀਬੀ 08 ਐਫਸੀ 0054 ਵਿੱਚ ਬੈਠਣ ਲੱਗਾ ਤਾਂ 10 ਤੋਂ 15 ਨੌਜਵਾਨ ਉਸ ਦੇ ਨੇੜੇ ਆ ਗਏ ਅਤੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ’ਤੇ ਹਮਲਾ ਕਰ ਦਿੱਤਾ।
ਮੁਲਜ਼ਮ 2 ਤੋਲੇ ਚਾਂਦੀ ਦੀ ਚੇਨ ਲੈ ਕੇ ਫਰਾਰ
ਇਸ ਵਾਰਦਾਤ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਮੁਲਜ਼ਮ 2 ਤੋਲੇ ਚਾਂਦੀ ਦੀ ਚੇਨ ਵੀ ਲੈ ਕੇ ਫ਼ਰਾਰ ਹੋ ਗਏ। ਘਟਨਾ ਵਿੱਚ ਪੀੜਤ ਦੀ ਐਪਲ ਵਾਚ ਵੀ ਟੁੱਟ ਗਈ। ਫਿਲਹਾਲ ਪੁਲਸ ਨੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੀਸੀਟੀਵੀ ਫੁਟੇਜ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਉਕਤ ਵਿਅਕਤੀ ਨੂੰ ਦਰਜਨ ਭਰ ਨੌਜਵਾਨਾਂ ਨੇ ਘੇਰ ਕੇ ਹਮਲਾ ਕੀਤਾ ਹੈ।