ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕੌਂਸਲਰਾਂ ਵਿੱਚ ਜੋੜ-ਤੋੜ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਅਜਿਹੇ ਵਿੱਚ ਚੋਣ ਜਿੱਤਣ ਤੋਂ ਬਾਅਦ ਕਾਂਗਰਸੀ ਕੌਂਸਲਰ ਪ੍ਰਵੀਨ ਵਾਸਨ ‘ਆਪ’ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ‘ਆਪ’ ਪਾਰਟੀ ਨੇ ਕਾਂਗਰਸ ਅਤੇ ਭਾਜਪਾ ਦੇ ਕੌਂਸਲਰਾਂ ਦੇ ਨਾਲ-ਨਾਲ 2 ਆਜ਼ਾਦ ਕੌਂਸਲਰਾਂ ਨੂੰ ‘ਆਪ’ ਪਾਰਟੀ ਵਿੱਚ ਸ਼ਾਮਲ ਕਰ ਕੇ ਬਹੁਮਤ ਦਾ ਅੰਕੜਾ ਹਾਸਲ ਕਰ ਲਿਆ ਹੈ। ਅੱਜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ, ਸ਼ੈਰੀ ਚੱਢਾ ਸਮੇਤ ਕਈ ਆਗੂ ਪ੍ਰਵੀਨ ਵਾਸਨ ਦੇ ਘਰ ਦੇ ਬਾਹਰ ਧਰਨਾ ਦੇਣ ਪੁੱਜੇ।
ਪੁਲਸ ਨੇ ਕਾਂਗਰਸੀ ਵਰਕਰਾਂ ਨੂੰ ਰੋਕਿਆ
ਪੁਲਸ ਨੇ ਬੈਰੀਕੇਡ ਲਗਾ ਕੇ ਕਾਂਗਰਸੀ ਵਰਕਰਾਂ ਨੂੰ ਘਰ ਦੇ ਪਿੱਛੇ ਹੀ ਰੋਕ ਲਿਆ। ਕਾਂਗਰਸ ਵੱਲੋਂ ਵਿਜੇ ਵਾਸਨ ਖਿਲਾਫ ਵੀ ਕਾਫੀ ਨਾਅਰੇਬਾਜ਼ੀ ਕੀਤੀ ਗਈ ਹੈ। ਇਸ ਮਾਮਲੇ ਦੀ ਜਾਣਕਾਰੀ ਰਾਜਿੰਦਰ ਬੇਰੀ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਵੀਨ ਵਾਸਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੀ ਹਾਜ਼ਰੀ ਵਿੱਚ ‘ਆਪ’ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਕਾਰਨ ਕਾਂਗਰਸ ਨੇ ਪ੍ਰਵੀਨ ਵਾਸਨ ਦੇ ਘਰ ਦੇ ਬਾਹਰ ਜਾ ਕੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੁਲਸ ਨੇ ਬੈਰੀਕੇਡ ਲਾ ਕੇ ਵਰਕਰਾਂ ਨੂੰ ਰੋਕ ਲਿਆ ਹੈ ਪਰ ਦੋ ਦਿਨਾਂ ਬਾਅਦ ਕਾਂਗਰਸੀ ਆਗੂ ਮੁੜ ਧਰਨਾ ਦੇਣਗੇ।
ਪੁਲਸ ਨਾਲ ਹੋਈ ਤਕਰਾਰ
ਕਾਂਗਰਸੀ ਆਗੂਆਂ ਦੇ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੀ ਏਸੀਪੀ ਨਿਰਮਲ ਨਾਲ ਤਕਰਾਰ ਵੀ ਹੋ ਗਈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਏ.ਸੀ.ਪੀ ਨਿਰਮਲ ਸਿੰਘ ਅਤੇ ਕਾਂਗਰਸੀ ਨੇਤਾਵਾਂ ਵਿੱਚ ਤਿੱਖੀ ਬਹਿਸ ਹੁੰਦੀ ਨਜ਼ਰ ਆ ਰਹੀ ਹੈ। ਨਿਰਮਲ ਸਿੰਘ ਦਾ ਕਹਿਣਾ ਹੈ ਕਿ ਧਰਨੇ ’ਤੇ ਬੈਠੇ ਕਾਂਗਰਸੀ ਆਗੂਆਂ ਨੇ ਇਜਾਜ਼ਤ ਨਹੀਂ ਲਈ ਜਦਕਿ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਉਹ ਆਪਣੇ ਆਗੂ ਦੇ ਘਰ ਦੇ ਬਾਹਰ ਧਰਨਾ ਦੇ ਰਹੇ ਹਨ, ਉਹ ਕਿਸੇ ਦਾ ਵਿਰੋਧ ਨਹੀਂ ਕਰ ਰਹੇ ਹਨ।
ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ
ਇਸ ਦੌਰਾਨ ਰਜਿੰਦਰ ਬੇਰੀ ਨੇ ਏ.ਸੀ.ਪੀ ਨਿਰਮਲ ਨੂੰ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਜੇਕਰ ਪੁਲਸ ਨੂੰ ਲੱਗਦਾ ਹੈ ਕਿ ਉਹ ਕੁਝ ਗਲਤ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਹ ਗ੍ਰਿਫਤਾਰੀਆਂ ਦੇਣ ਲਈ ਵੀ ਤਿਆਰ ਹਨ, ਹਾਲਾਂਕਿ ਇਸ ਤੋਂ ਬਾਅਦ ਮਾਹੌਲ ਕਾਫੀ ਗਰਮ ਹੋ ਗਿਆ। ਇਸ ਲੰਮੇ ਹੰਗਾਮੇ ਤੋਂ ਬਾਅਦ ਪੁਲਸ ਨੇ ਰਜਿੰਦਰ ਬੇਰੀ ਨੂੰ ਧਰਨੇ ਤੋਂ ਚੁੱਕ ਲਿਆ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਵਿਜੇ ਵਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਆਪਣਾ ਧਰਨਾ ਸਮਾਪਤ ਕਰ ਦਿੱਤਾ।