ਦੇਸ਼ 'ਚ ਮੀਂਹ ਕਾਰਨ ਕਈ ਥਾਵਾਂ 'ਤੇ ਹੜ ਵਰਗੇ ਹਾਲਤ ਬਣੇ ਹੋਏ ਹਨ। ਰਾਜਸਥਨ ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਜਿਸ ਕਾਰਨ ਰਾਜ ਦੇ ਜਿਲ੍ਹਾ ਕੋਟ , ਬਾਰਾਂ , ਝਾਲਾਬਾੜ , ਅਜਮੇਰ, ਬੂੰਦੀ, ਰਾਜਸਮੰਦ ਅਤੇ ਨਾਗੌਰ 'ਚ ਅੱਜ ਸਕੂਲਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਰਾਜ 'ਚ ਮਾਨਸੂਨ ਦੇ ਇਸ ਸੀਜ਼ਨ 'ਚ ਹੁਣ ਤੱਕ 109 ਫੀਸਦੀ ਜਿਆਦਾ ਬਾਰਸ਼ ਹੋ ਚੁੱਕੀ ਹੈ। ਰਾਜ 'ਚ ਮੀਂਹ ਕਾਰਨ 4 ਦਿਨਾਂ 'ਚ 23 ਲੋਕਾਂ ਦੀ ਮੌਤ ਹੋ ਗਈ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਪਾਣੀ ਭਰੇ ਇਲਾਕਿਆਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ
ਮੌਜੂਦਾ ਹਾਲਤ ਨੂੰ ਦੇਖਦੇ ਹੋਏ ਰਾਜ ਦੇ 6 ਜ਼ਿਲ੍ਹਿਆਂ 'ਚ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਹਾਲਾਂਕਿ ਇਹ ਆਦੇਸ਼ ਅੱਜ ਲਈ ਜਾਰੀ ਕੀਤੇ ਹਨ ਜਦਕਿ ਕੱਲ੍ਹ ਐਤਵਾਰ ਕਰਕੇ ਸਾਰੇ ਸਕੂਲ ਬੰਦ ਰਹਿਣਗੇ । ਜੇਕਰ ਇਨ੍ਹਾਂ ਜ਼ਿਲ੍ਹਿਆਂ 'ਚ ਹਾਲਤ ਅਜਿਹੇ ਹੀ ਬਣੇ ਰਹੇ ਤਾਂ ਆਉਣ ਵਾਲੇ ਦਿਨਾਂ 'ਚ ਵੀ ਸਕੂਲ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਜਾ ਸਕਦਾ ਹੈ।
ਮੌਸਮ ਵਿਭਾਗ ਨੇ 20 ਜੁਲਾਈ ਤੋਂ ਬਾਅਦ ਮੀਂਹ ਦੀ ਤੀਬਰਤਾ ਵਿੱਚ ਕਮੀ ਆਉਣ ਦੀ ਭਵਿੱਖਬਾਣੀ ਕੀਤੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਪਾਣੀ ਭਰੇ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਉੱਤਰ-ਪੱਛਮੀ ਮੱਧ ਪ੍ਰਦੇਸ਼ ਅਤੇ ਨਾਲ ਲੱਗਦੇ ਦੱਖਣ-ਪੱਛਮੀ ਉੱਤਰ ਪ੍ਰਦੇਸ਼ ਉੱਤੇ ਦਬਾਅ ਦੇ ਪ੍ਰਭਾਵ ਕਾਰਨ ਅਗਲੇ ਦੋ ਦਿਨਾਂ ਦੌਰਾਨ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਮੋਹਲੇਧਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਅਤੇ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਸ਼ਿਵਪੁਰੀ 'ਚ ਸਕੂਲ ਬੰਦ ਕਰ ਦਿੱਤੇ ਹਨ
ਉੱਥੇ ਹੀ ਮੱਧ ਪ੍ਰਦੇਸ਼ 'ਚ ਮੀਂਹ ਦਾ ਸਟ੍ਰੋਂਗ ਸਿਸਟਮ ਐਕਟਿਵ ਹੈ। ਜਿਸ ਕਾਰਨ ਕਈ ਇਲਾਕਿਆਂ 'ਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਜਿਸ ਕਾਰਨ ਸ਼ਿਵਪੁਰੀ 'ਚ ਸਕੂਲ ਬੰਦ ਕਰ ਦਿੱਤੇ ਗਏ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਵਿੱਚ ਵੀ ਨਦੀਆਂ ਅਤੇ ਨਾਲੇ ਭਰੇ ਹੋਏ ਹਨ। ਕਾਸ਼ੀ ਵਿੱਚ, ਗੰਗਾ ਦੇ ਨਾਲ-ਨਾਲ, ਵਰੁਣ ਨਦੀ ਵਿੱਚ ਵੀ ਹੜ੍ਹ ਆ ਗਿਆ ਹੈ। ਇਸਦੇ ਕੰਢਿਆਂ 'ਤੇ ਖਤਰੇ ਵਾਲੇ ਖੇਤਰ ਵਿੱਚ ਸਥਿਤ ਲਗਭਗ 30 ਹਜ਼ਾਰ ਘਰ ਹੜ੍ਹ ਦੇ ਖ਼ਤਰੇ ਵਿੱਚ ਹਨ।
ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸੂਬੇ 'ਚ ਮਾਨਸੂਨ ਸੁਸਤ ਪਿਆ ਹੈ। ਅਗਲੇ 48 ਘੰਟਿਆਂ ਤੱਕ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਜਦਕਿ 21 ਜੁਲਾਈ ਤੋਂ ਮੌਸਮ 'ਚ ਬਦਲਾਅ ਆ ਸਕਦ ਹੈ। ਹਿਮਾਚਲ ਦੇ ਨਾਲ ਲੱਗਦੀਆਂ ਖੇਤਰਾਂ 'ਚ ਭਾਰੀ ਮੀਂਹ ਦਾ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ।