ਖ਼ਬਰਿਸਤਾਨ ਨੈੱਟਵਰਕ: ਦੇਸ਼ ਵਿੱਚ ਗਰਮੀ ਦਿਨ-ਬ-ਦਿਨ ਵਧ ਰਹੀ ਹੈ। ਇਸ ਦੌਰਾਨ, ਰਾਜਸਥਾਨ ਵਿੱਚ ਹੀਟਵੇਵ ਦੀ ਲਹਿਰ ਸ਼ੁਰੂ ਹੋ ਗਈ ਹੈ| ਜਿਸ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪ੍ਰਸ਼ਾਸਨ ਨੇ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਹੈ। ਰਾਜ ਦੇ ਜੈਪੁਰ, ਬੀਕਾਨੇਰ, ਪ੍ਰਤਾਪਗੜ੍ਹ ਅਤੇ ਕੋਟਾ ਵਿੱਚ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਬੱਚਿਆਂ ਲਈ ਸਕੂਲਾਂ ਵਿੱਚ ਬਦਲਾਅ ਕੀਤੇ ਗਏ ਹਨ।
ਸਵੇਰੇ 7:30 ਵਜੇ ਤੋਂ 11:30 ਵਜੇ ਤੱਕ ਹੋਣਗੀਆਂ ਕਲਾਸਾਂ
ਇਸ ਸਮੇਂ ਦੌਰਾਨ, ਅੱਜ ਤੋਂ ਸਕੂਲਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਿਹਰ 11:30 ਵਜੇ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜੈਪੁਰ ਦੇ ਕੁਲੈਕਟਰ ਜਤਿੰਦਰ ਸੋਨੀ, ਬੀਕਾਨੇਰ ਦੀ ਜ਼ਿਲ੍ਹਾ ਕੁਲੈਕਟਰ ਨਮਰਤਾ ਵਰਿਸ਼ਨੀ ਅਤੇ ਹੋਰ ਜ਼ਿਲ੍ਹਾ ਕੁਲੈਕਟਰਾਂ ਨੇ ਵੀ ਨਵੇਂ ਸਮੇਂ ਲਈ ਆਦੇਸ਼ ਜਾਰੀ ਕੀਤੇ ਹਨ। ਇਸ ਨਾਲ ਬੱਚਿਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
7 ਜ਼ਿਲ੍ਹਿਆਂ 'ਚ ਲੂ ਦਾ ਯੈੱਲੋ ਅਲਰਟ
ਮੌਸਮ ਵਿਭਾਗ ਅਨੁਸਾਰ ਰਾਜਸਥਾਨ ਵਿੱਚ ਗਰਮੀ ਦਾ ਪ੍ਰਭਾਵ ਹੋਰ ਤੇਜ਼ ਹੋ ਸਕਦਾ ਹੈ। 22 ਅਤੇ 23 ਅਪ੍ਰੈਲ ਤੋਂ ਦਿਨ ਦੇ ਤਾਪਮਾਨ ਵਿੱਚ ਔਸਤਨ 3 ਡਿਗਰੀ ਸੈਲਸੀਅਸ ਦਾ ਵਾਧਾ ਸੰਭਵ ਹੈ। ਇਸ ਕਾਰਨ ਕਰਕੇ 23 ਅਪ੍ਰੈਲ ਨੂੰ ਰਾਜਸਥਾਨ ਦੇ 7 ਜ਼ਿਲ੍ਹਿਆਂ ਵਿੱਚ ਹੀਟਵੇਵ ਸਬੰਧੀ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਦੁਪਹਿਰ ਵੇਲੇ ਘਰ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।