ਬਰਨਾਲਾ-ਚੰਡੀਗੜ੍ਹ ਰੋਡ 'ਤੇ ਇਕ ਨਿੱਜੀ ਸਕੂਲ ਦੀ ਬੱਸ ਤੇ ਟਰੱਕ ਵਿਚਾਲੇ ਹੋਈ ਟੱਕਰ 'ਚ 14 ਬੱਚੇ ਤੇ 2 ਸਟਾਫ ਮੁਲਾਜ਼ਮ ਜ਼ਖਮੀ ਹੋ ਗਏ। ਜ਼ਖਮੀ ਹੋਏ ਲੋਕਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਰਾਈਵਰ ਤੇ ਹੈਲਪਰ ਸਮੇਤ 14 ਬੱਚੇ ਜ਼ਖ਼ਮੀ
ਜਾਣਕਾਰੀ ਅਨੁਸਾਰ ਗਰੀਨ ਫੀਲਡ ਕਾਨਵੈਂਟ ਸਕੂਲ ਦਾਨਗੜ੍ਹ ਦੀ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਪਿੰਡ ਦਾਨਗੜ੍ਹ ਦੇ ਸਕੂਲ ਨੂੰ ਜਾ ਰਹੀ ਸੀ। ਪਰ ਜਿਵੇਂ ਹੀ ਸਕੂਲ ਬੱਸ ਨੈਸ਼ਨਲ ਹਾਈਵੇਅ ਤੋਂ ਹੁੰਦੀ ਹੋਈ ਪਿੰਡ ਭੱਠਲਾਂ ਤੇ ਧਨੌਲਾ ਨੂੰ ਜਾਂਦੀ ਸੜਕ 'ਤੇ ਪਹੁੰਚੀ ਤਾਂ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਸਕੂਲ ਬੱਸ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਇਸ ਹਾਦਸੇ ਵਿੱਚ ਬੱਸ ਡਰਾਈਵਰ ਤੇ ਕੰਡਕਟਰ ਸਮੇਤ 14 ਬੱਚੇ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਬੱਸ ਵਿੱਚ 42 ਬੱਚੇ ਸਵਾਰ ਸਨ
ਡਾਕਟਰ ਦਾ ਕਹਿਣਾ ਹੈ ਕਿ ਕੁਝ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਕੁਝ ਬੱਚਿਆਂ ਨੂੰ ਟਾਂਕੇ ਵੀ ਲੱਗੇ। ਪਰ ਹੋਰ ਬੱਚਿਆਂ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ ਕਰੀਬ 42 ਬੱਚੇ ਸਵਾਰ ਸਨ।
ਬੱਸ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹਾਦਸਾ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਕੂਲ ਬੱਸ ਡਰਾਈਵਰ ਦੀ ਗਲਤੀ ਸੀ। ਇਹ ਹਾਦਸਾ ਸਕੂਲ ਬੱਸ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਦੋਵਾਂ ਡਰਾਈਵਰਾਂ 'ਚ ਕਿਸ ਦੀ ਗਲਤੀ ਸੀ।