ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਧਾਰਮਕ ਸਜ਼ਾ ਤਹਿਤ ਸੇਵਾ ਨਿਭਾਉਣ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਚੋਲਾ ਪਾ ਕੇ ਹੱਥ ’ਚ ਬਰਛਾ ਫੜ੍ਹ ਕੇ ਸੇਵਾਦਾਰ ਵਜੋਂ ਸੇਵਾ ਨਿਭਾਈ।
ਸੁਰੱਖਿਆ ਦਾ ਸਖਤ ਘੇਰਾ
ਸੇਵਾ ਕਰਨ ਦੌਰਾਨ ਸੁਖਬੀਰ ਬਾਦਲ ਦੇ ਆਲੇ-ਦੁਆਲੇ ਸੁਰੱਖਿਆ ਦਾ ਸਖਤ ਘੇਰਾ ਹੈ। ਦੱਸ ਦੇਈਏ ਕਿ ਸੁਖਬੀਰ ਉਤੇ ਹੋਏ ਹਮਲੇ ਤੋਂ ਬਾਅਦ ਧਾਰਮਕ ਸਜ਼ਾ ਭੁਗਤ ਰਹੇ ਅਕਾਲੀ ਆਗੂਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।
ਧਾਰਮਕ ਸਜ਼ਾ ਦਾ ਸੱਤਵਾਂ ਦਿਨ
ਦੱਸ ਦੇਈਏ ਕਿ ਸ੍ਰੀ ਅਕਾਤ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸੁਣਾਈ ਸਜ਼ਾ ਦਾ ਅੱਜ 7ਵਾਂ ਦਿਨ ਹੈ। ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਦਮਦਮਾ ਸਾਹਿਬ ਵਿੱਚ ਸੇਵਾਦਾਰ ਦਾ ਚੋਲਾ ਪਾ ਕੇ ਆਪਣੀ ਧਾਰਮਕ ਸਜ਼ਾ ਭੋਗ ਰਹੇ ਹਨ। ਇੱਕ ਘੰਟਾ ਸੇਵਾ ਨਿਭਾਉਣ ਤੋਂ ਬਾਅਦ ਉਹ ਸਿਮਰਨ ਕਰਨਗੇ।
ਇਸ ਤੋਂ ਬਾਅਦ ਉਹ ਲੰਗਰ ਹਾਲ ਵਿੱਚ ਝੂਠੇ ਭਾਂਡਿਆਂ ਦੀ ਸੇਵਾ ਵੀ ਕਰਨਗੇ। ਪਿਛਲੇ ਦੋ ਦਿਨਾਂ ਤੋਂ ਸੁਖਬੀਰ ਬਾਦਲ ਨੇ ਸਵੇਰੇ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਅਤੇ ਸਭ ਤੋਂ ਪਹਿਲਾਂ ਇੱਕ ਘੰਟਾ ਲੰਗਰ ਦੀ ਸੇਵਾ ਨਿਭਾਈ ਸੀ। ਇਸ ਤੋਂ ਬਾਅਦ ਉਨ੍ਹਾਂ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਇੱਕ ਘੰਟਾ ਕੀਰਤਨ ਸਰਵਣ ਕੀਤਾ। ਪੌਣੇ ਗਿਆਰਾਂ ਵਜੇ ਦੇ ਕਰੀਬ ਉਹ ਲੰਗਰ ਹਾਲ ਵਿੱਚ ਪਹੁੰਚੇ ਅਤੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ।
2 ਦਸੰਬਰ ਨੂੰ ਸੁਣਾਈ ਗਈ ਸੀ ਧਾਰਮਕ ਸਜ਼ਾ
ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਨੂੰ ਉਨ੍ਹਾਂ ਦੇ ਕੀਤੇ ਗੁਨਾਹਾਂ ਦੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਸਜ਼ਾ ਸੁਣਾਈ ਸੀ ਤੇ 4 ਦਸੰਬਰ ਨੂੰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਜਾਨਲੇਵਾ ਹਮਲਾ ਹੋਇਆ ਸੀ, ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ 5 ਦਸੰਬਰ ਨੂੰ ਗ੍ਰਿਫਤਾਰੀ ਤੋਂ ਬਾਅਦ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਉਸ ਨੂੰ 3 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਸੀ।
ਫਿਰ ਮਿਲਿਆ 3 ਦਿਨਾਂ ਦਾ ਰਿਮਾਂਡ
ਰਿਮਾਂਡ ਖਤਮ ਹੋਣ ਉਤੇ ਫਿਰ ਪਲਸ ਨੇ ਨਰਾਇਣ ਸਿੰਘ ਚੌੜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਸੁਣਵਾਈ ਦੌਰਾਨ ਨਰਾਇਣ ਚੌੜਾ ਨੂੰ 3 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਹੁਣ 11 ਦਸੰਬਰ ਨੂੰ ਨਰਾਇਣ ਸਿੰਘ ਚੌੜਾ ਨੂੰ ਫਿਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਕੌਣ ਹੈ ਨਰਾਇਣ ਸਿੰਘ ਚੌੜਾ?
ਨਰਾਇਣ ਸਿੰਘ ਚੌੜਾ 1984 'ਚ ਪਾਕਿਸਤਾਨ ਗਿਆ ਸੀ, ਉਹ ਹਥਿਆਰਾਂ ਅਤੇ ਵਿਸਫੋਟਕਾਂ ਦੀ ਤਸਕਰੀ ਵਿੱਚ ਸ਼ਾਮਲ ਰਿਹਾ ਹੈ। ਪਾਕਿਸਤਾਨ ਵਿੱਚ ਆਪਣੀ ਰਿਹਾਇਸ਼ ਦੌਰਾਨ, ਨਰਾਇਣ ਚੌੜਾ ਨੇ ਕਥਿਤ ਤੌਰ 'ਤੇ ਗੁਰੀਲਾ ਯੁੱਧ ਅਤੇ ਦੇਸ਼ਧ੍ਰੋਹ ਸਾਹਿਤ 'ਤੇ ਇੱਕ ਕਿਤਾਬ ਵੀ ਲਿਖੀ ਹੈ। ਉਸ ਵਿਰੁੱਧ 8 ਮਈ 2010 ਨੂੰ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਵਿਚ ਵਿਸਫੋਟਕ ਐਕਟ ਤਹਿਤ ਦਰਜਨ ਦੇ ਕਰੀਬ ਕੇਸ ਦਰਜ ਕੀਤੇ ਗਏ ਸਨ। ਉਹ ਅੰਮ੍ਰਿਤਸਰ, ਤਰਨਤਾਰਨ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਅਗਸਤ 2018 ਵਿੱਚ, ਉਹ ਪੰਜ ਸਾਲ ਦੀ ਸਜ਼ਾ ਕੱਟ ਕੇ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਖ਼ਿਲਾਫ਼ ਵਿਸਫੋਟਕ ਐਕਟ ਤਹਿਤ ਕਈ ਕੇਸ ਦਰਜ ਹਨ। ਉਸ ਖ਼ਿਲਾਫ਼ ਦਰਜਨ ਦੇ ਕਰੀਬ ਕੇਸ ਦਰਜ ਹਨ। ਨਰਾਇਣ ਸਿੰਘ ਚੰਡੀਗੜ੍ਹ ਜੇਲ੍ਹ ਬਰੇਕ ਕਾਂਡ ਦਾ ਵੀ ਮੁਲਜ਼ਮ ਹੈ।
ਅੱਤਵਾਦੀਆਂ ਦੀ ਮਦਦ ਕਰਨ ਦਾ ਹੈ ਦੋਸ਼
ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚੋਂ ਚਾਰ ਖਾਲਿਸਤਾਨੀ ਅੱਤਵਾਦੀ ਸਾਲ 2004 'ਚ ਫਰਾਰ ਹੋ ਗਏ ਸਨ। ਨਰਾਇਣ ਸਿੰਘ 'ਤੇ ਇਨ੍ਹਾਂ ਅੱਤਵਾਦੀਆਂ ਦੀ ਮਦਦ ਕਰਨ ਦਾ ਦੋਸ਼ ਹੈ। ਹਾਲਾਂਕਿ ਅਦਾਲਤ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ । ਨਰਾਇਣ ਸਿੰਘ ਚੌੜਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ, ਰਹਿਣ ਵਾਲਾ ਹੈ। ਬੱਬਰ ਖਾਲਸਾ ਨਾਲ ਵੀ ਸਬੰਧ ਹੈ।
ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਸ੍ਰੀ ਦਰਬਾਰ ਸਾਹਿਬ ਦੇ ਦੁਆਰ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਸੀਐਮ ਮਾਨ ਨੇ ਪੁਲਿਸ ਨੂੰ ਘਟਨਾ ਦੀ ਤੁਰੰਤ ਜਾਂਚ ਕਰਕੇ ਰਿਪੋਰਟ ਸੌਂਪਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।