ਜਲੰਧਰ ਦੇ ਭਾਰਗੋ ਕੈਂਪ 'ਚ ਇਕ ਬੱਚੇ ਦੀ ਮੌਤ ਨੂੰ ਲੈ ਕੇ ਹਲਕਾ ਪੱਛਮੀ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਪੁਲਸ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦੱਸਿਆ ਕਿ 14 ਸਾਲ ਦੇ ਬੱਚੇ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਪਰ ਪੁਲਸ ਨੇ ਪਰਿਵਾਰ 'ਤੇ ਦਬਾਅ ਪਾ ਕੇ ਜ਼ਬਰਦਸਤੀ ਦਸਤਖਤ ਕਰਵਾ ਦਿੱਤੇ ਅਤੇ ਉਨ੍ਹਾਂ ਤੋਂ ਕਹਾਇਆ ਗਿਆ ਕਿ ਮੌਤ ਬੀਮਾਰੀ ਕਾਰਨ ਹੋਈ ਹੈ।
ਲਾਈਵ ਆ ਕੇ ਦੋਸ਼ ਲਗਾਏ
ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਭਾਰਗੋ ਕੈਂਪ ਦੇ ਐੱਸਐੱਚਓ 'ਤੇ ਇਹ ਦੋਸ਼ ਲਾਏ ਹਨ। ਲਾਈਵ 'ਚ ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਕਾਰਨ ਪਰਿਵਾਰ ਦਾ ਦੁੱਖ ਅਜੇ ਖਤਮ ਨਹੀਂ ਹੋਇਆ ਸੀ ਕਿ ਜਦੋਂ ਥਾਣਾ ਭਾਰਗੋ ਕੈਂਪ ਦੇ ਐੱਸਐੱਚਓ ਸੁਖਵੰਤ ਸਿੰਘ ਆਪਣੇ ਚਾਰ ਮੁਲਾਜ਼ਮਾਂ ਨਾਲ ਉਸ ਦੇ ਘਰ ਪਹੁੰਚੇ।
ਐਸਐਚਓ ਨੂੰ ਮੁਅੱਤਲ ਕਰਨ ਦੀ ਮੰਗ
ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰ ਨੂੰ ਇਹ ਲਿਖਣ ਲਈ ਮਜਬੂਰ ਕੀਤਾ ਗਿਆ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਨਹੀਂ ਸਗੋਂ ਬੀਮਾਰੀ ਕਾਰਨ ਹੋਈ ਹੈ। ਮੈਂ ਪੁਲਸ ਕਮਿਸ਼ਨਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇ। ਸਾਡੀ ਮੰਗ ਹੈ ਕਿ ਉਕਤ ਇਲਾਕੇ ਦੇ ਐੱਸਐੱਚਓ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਕਾਰਵਾਈ ਕੀਤੀ ਜਾਵੇ।
ਐਸਐਚਓ ਨੇ ਦੋਸ਼ਾਂ ਤੋਂ ਇਨਕਾਰ ਕੀਤਾ
ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਭਾਰਗੋ ਕੈਂਪ ਥਾਣੇ ਦੇ ਐਸਐਚਓ ਸੁਖਵੰਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਇਨ੍ਹਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੋਈ ਕਿਸ ਨੂੰ ਕੀ ਕਹਿੰਦਾ ਹੈ, ਉਨ੍ਹਾਂ 'ਤੇ ਨਿਰਭਰ ਕਰਦਾ ਹੈ। ਜੇਕਰ ਅਜਿਹਾ ਕੁਝ ਹੁੰਦਾ ਤਾਂ ਪੋਸਟ ਮਾਰਟਮ ਕਰਵਾਇਆ ਜਾਣਾ ਸੀ ਪਰ ਪਰਿਵਾਰ ਨੇ ਅਜਿਹਾ ਕੁਝ ਨਹੀਂ ਕਿਹਾ।