ਖਬਰਿਸਤਾਨ ਨੈੱਟਵਰਕ- ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮਾਨਸਾ ਦੇ ਪਿੰਡ ਮੂਸਾ ਵਿਖੇ ਭਲਕੇ 29 ਮਈ 2025 ਨੂੰ ਮਨਾਈ ਜਾ ਰਹੀ ਹੈ। ਇਸ ਦੌਰਾਨ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ।
ਮਾਂ ਚਰਨ ਕੌਰ ਨੇ ਭਾਵੁਕ ਪੋਸਟ ਸਾਂਝੀ ਕਰ ਦਿੱਤੀ ਸੀ ਜਾਣਕਾਰੀ
ਬਰਸੀ ਸਮਾਗਮ ਸਬੰਧੀ ਸਿੱਧੂ ਦੀ ਮਾਤਾ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਸਾਂਝੀ ਕਰ ਕੇ ਜਾਣਕਾਰੀ ਦਿੱਤੀ ਸੀ। ਬਰਸੀ ਸਮਾਗਮ ਦੌਰਾਨ ਸਵੇਰੇ 10 ਵਜੇ ਸ੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਸਾਹਿਬ ਵਿਖੇ ਪੈਣਗੇ, ਜਿਸ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ ਹੈ।
ਭਾਰੀ ਗਿਣਤੀ ਵਿਚ ਪੁੱਜ ਸਕਦੇ ਹਨ ਸਿੱਧੂ ਦੇ ਫੈਨ
ਇਸ ਸਮਾਗਮ ਵਿੱਚ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਫੈਨ ਵੱਡੀ ਗਿਣਤੀ ਵਿਚ ਪੁੱਜ ਸਕਦੇ ਹਨ। ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪਹਿਲਾਂ ਵੀ ਕਈ ਵਾਰ ਆਪਣੇ ਪੁੱਤ ਦੀ ਯਾਦ ਵਿੱਚ ਭਾਵੁਕ ਪੋਸਟਾਂ ਸਾਂਝੀਆਂ ਕੀਤੀਆਂ ਹਨ ਅਤੇ ਇਨਸਾਫ ਲਈ ਆਪਣੀ ਲੜਾਈ ਜਾਰੀ ਰੱਖਣ ਦੀ ਗੱਲ ਕਹੀ ਹੈ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ 2027 ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ
ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤ ਦੀ ਤੀਜੀ ਬਰਸੀ ਤੋਂ ਦੋ ਦਿਨ ਪਹਿਲਾਂ 2027 ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ ਤਾਂ ਜੋ ਆਪਣੇ ਪੁੱਤਰ ਨੂੰ ਇਨਸਾਫ ਦਿਵਾ ਸਕਣ। ਪਿਛਲੇ ਲੰਮੇ ਸਮੇਂ ਤੋਂ ਉਹ ਨਿਆਂ ਦੀ ਉਡੀਕ ਕਰ ਰਹੇ ਹਨ ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ।
29 ਮਈ 2022 ਨੂੰ ਹੋਇਆ ਸੀ ਸਿੱਧੂ ਦਾ ਕਤਲ
ਸਿੱਧੂ ਮੂਸੇਵਾਲਾ ਦਾ ਕਤਲ ਪਿੰਡ ਜਵਾਹਰਕੇ ਵਿਚ 29 ਮਈ 2022 ਨੂੰ ਕੀਤਾ ਗਿਆ ਸੀ, ਜਦੋਂ ਉਹ ਆਪਣੀ ਥਾਰ ਜੀਪ ਉਤੇ ਸਵਾਰ ਹੋ ਕੇ ਆਪਣੀ ਮਾਸੀ ਨੂੰ ਮਿਲਣ ਜਾ ਰਿਹਾ ਸੀ। ਇਸ ਦੌਰਾਨ ਸਿੱਧੂ ਦੇ ਨਾਲ ਉਸ ਦਾ ਗੁਆਂਢੀ ਤੇ ਇਕ ਚਚੇਰਾ ਭਰਾ ਵੀ ਥਾਰ ਵਿਚ ਮੌਜੂਦ ਸੀ। ਹਮਲਾਵਰਾਂ ਨੇ ਪਹਿਲਾਂ ਗੱਡੀ ਦਾ ਪਿੱਛਾ ਕੀਤਾ ਤੇ ਫਿਰ ਮੌਕਾ ਪਾ ਕੇ ਥਾਰ ਉਤੇ ਅੰਨ੍ਹਵਾਹ ਗੋਲੀਆਂ ਚਲਾ ਕੇ ਸਿੱਧੂ ਦਾ ਕਤਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਮੂਸੇਵਾਲਾ ਦੀ ਸਕਿਓਰਿਟੀ ਵਾਪਸ ਲਈ ਗਈ ਸੀ।