ਖ਼ਬਰਿਸਤਾਨ ਨੈੱਟਵਰਕ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮਾਨਸਾ ਦੇ ਪਿੰਡ ਮੂਸਾ ਵਿਖੇ ਅੱਜ ਮਨਾਈ ਜਾ ਰਹੀ ਹੈ। ਇਸ ਦੌਰਾਨ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਪਿੰਡ ਮੂਸਾ ਵਿੱਚ ਇੱਕ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ ਹੈ। ਇਸ 'ਚ ਸਿੱਧੂ ਦੇ ਪ੍ਰਸ਼ੰਸਕਾਂ, ਸਮਰਥਕਾਂ ਅਤੇ ਸਾਰੇ ਪਰਿਵਾਰਕ ਮੈਂਬਰਾਂ ਦੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

ਮਾਤਾ ਚਰਨ ਕੌਰ ਨੇ ਭਾਵੁਕ ਪੋਸਟ ਕੀਤੀ ਸ਼ੇਅਰ


ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ 'ਤੇ ਭਾਵੁਕ ਪੋਸਟ ਸ਼ੇਅਰ ਕਰ ਲਿਖਿਆ ਕਿ ਸ਼ੁਭ ਕਦੇ ਤੂੰ ਜਨਮ ਲੈਣ ਮਗਰੋਂ ਤਿੰਨ ਦਿਨਾਂ ਦਾ ਤਿੰਨਾਂ ਮਹੀਨਿਆਂ ਦਾ ਤੇ ਕਦੇ ਤਿਨ ਸਾਲ ਦਾ ਹੋਇਆ ਸੀ| ਸਾਡੀ ਜਿੰਦਗੀ 'ਚ ਤੇਰੀ ਦਸਤਕ ਨੇ ਹਰ ਮੁਸ਼ਕਿਲ ਨਾਲ ਲੜਨ ਦੀ ਤਾਕਤ ਵਧਾ ਦਿੱਤੀ ਸੀ | ਕਿਹਾ ਕਿ ਅੱਜ ਤੇਰੀ ਤਸਵੀਰ ਨਾਲ ਗੱਲਾਂ ਕਰਦਿਆਂ ਤਿੰਨ ਸਾਲ ਬੀਤ ਗਏ ਨੇ ਤੇ ਤੇਰਾ ਇਨਸਾਫ ਉਡੀਕਦਿਆਂ ਨੂੰ ਵੀ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਸਾਲਾਂ 'ਚ ਜਿੱਥੇ ਸਾਨੂੰ ਇਨਸਾਫ ਦੀ ਇੱਕ ਕਿਰਨ ਵੀ ਦਿਖਾਈ ਦਿੱਤੀ ਉੱਥੇ ਇਸ ਨੂੰ ਤੋੜਿਆ ਵੀ ਗਿਆ| ਇਨ੍ਹਾਂ ਤਿੰਨ ਸਾਲਾਂ 'ਚ ਬੇਹੱਦ ਇਤਰਾਜਯੋਗ ਗਤੀਵਿਧੀਆਂ ਸਾਡੇ ਕੇਸ ਸੰਬੰਧੀ ਇੰਟਰਨੈਟ ਅਤੇ ਵੱਡੇ ਪੱਧਰ ਤੇ ਕੀਤੀਆਂ ਗਈਆਂ, ਜਿਨ੍ਹਾਂ ਤੇ ਸਾਡੀ ਸਖਤ ਕਾਰਵਾਈ ਹੋਣ ਦੀ ਉਮੀਦ ਤਕ ਵੀ ਵਿਅਰਥ ਗਈ, ਪੁੱਤ ਪਰ ਫੇਰ ਵੀ ਅਸੀਂ ਕਦੇ ਡੋਲਦੇ ਨਹੀਂ ਅਸੀਂ ਆਪਣੇ ਹੱਕ ਲਈ ਆਪਣੀ ਆਵਾਜ਼ ਉਠਾਉਂਦੇ ਰਹਾਂਗੇ | ਇਸ ਭਾਵੁਕ ਪੋਸਟ 'ਤੇ ਸਿੱਧੂ ਦੇ ਹਜ਼ਾਰਾਂ ਫੈਂਸ ਨੇ ਕੁਮੈਂਟ ਕੀਤੇ |

ਹੁਣ ਤਕ ਇੰਨੇ ਗਾਣੇ ਹੋ ਚੁੱਕੇ ਹਨ ਰਿਲੀਜ਼
ਸਿੱਧੂ ਮੂਸੇਵਾਲਾ ਨੇ 29 ਮਈ, 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਗਲੇ ਹੀ ਮਹੀਨੇ, 23 ਜੂਨ, 2022 ਨੂੰ, ਉਸਦਾ ਪਹਿਲਾ ਗੀਤ 'SYL' ਰਿਲੀਜ਼ ਹੋਇਆ। ਉਸਦਾ ਦੂਜਾ ਗੀਤ 'ਵਾਰ', ਤੀਜਾ ਗੀਤ 'ਮੇਰਾ ਨਾ' ਚੌਥੇ ਗੀਤ ਦਾ ਨਾਮ 'ਚੋਰਨੀ', ਪੰਜਵਾਂ ਗੀਤ 'ਵਾਚਆਊਟ' 6ਵਾਂ ਗੀਤ 'ਡ੍ਰਿਪੀ' 7ਵਾਂ ਗੀਤ '410' 8ਵਾਂ ਗੀਤ 'ਅਟੈਚ' ਅਤੇ 9ਵਾਂ ਗੀਤ "ਲਾਕ" 23 ਜਨਵਰੀ ਨੂੰ ਰਿਲੀਜ਼ ਹੋਇਆ ਸੀ ।
ਦੱਸ ਦੇਈਏ ਕਿ ਬਰਸੀ ਸਮਾਗਮ ਸਬੰਧੀ ਸਿੱਧੂ ਦੀ ਮਾਤਾ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਸਾਂਝੀ ਕਰ ਕੇ ਜਾਣਕਾਰੀ ਦਿੱਤੀ ਸੀ।

ਭਾਰੀ ਗਿਣਤੀ ਵਿਚ ਪੁੱਜ ਸਕਦੇ ਹਨ ਸਿੱਧੂ ਦੇ ਫੈਨ
ਇਸ ਸਮਾਗਮ ਵਿੱਚ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਫੈਨ ਵੱਡੀ ਗਿਣਤੀ ਵਿਚ ਸ਼ਾਮਲ ਹੋ ਸਕਦੇ ਹਨ। ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪਹਿਲਾਂ ਵੀ ਕਈ ਵਾਰ ਆਪਣੇ ਪੁੱਤ ਦੀ ਯਾਦ ਵਿੱਚ ਭਾਵੁਕ ਪੋਸਟਾਂ ਸਾਂਝੀਆਂ ਕੀਤੀਆਂ ਹਨ ਅਤੇ ਇਨਸਾਫ ਲਈ ਆਪਣੀ ਲੜਾਈ ਜਾਰੀ ਰੱਖਣ ਦੀ ਗੱਲ ਕਹੀ ਹੈ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ 2027 ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ
ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤ ਦੀ ਤੀਜੀ ਬਰਸੀ ਤੋਂ ਦੋ ਦਿਨ ਪਹਿਲਾਂ 2027 ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ ਤਾਂ ਜੋ ਆਪਣੇ ਪੁੱਤਰ ਨੂੰ ਇਨਸਾਫ ਦਿਵਾ ਸਕਣ। ਪਿਛਲੇ ਲੰਮੇ ਸਮੇਂ ਤੋਂ ਉਹ ਨਿਆਂ ਦੀ ਉਡੀਕ ਕਰ ਰਹੇ ਹਨ ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ।
29 ਮਈ 2022 ਨੂੰ ਹੋਇਆ ਸੀ ਸਿੱਧੂ ਦਾ ਕਤਲ
ਸਿੱਧੂ ਮੂਸੇਵਾਲਾ ਦਾ ਕਤਲ ਪਿੰਡ ਜਵਾਹਰਕੇ ਵਿਚ 29 ਮਈ 2022 ਨੂੰ ਕੀਤਾ ਗਿਆ ਸੀ, ਜਦੋਂ ਉਹ ਆਪਣੀ ਥਾਰ ਜੀਪ ਉਤੇ ਸਵਾਰ ਹੋ ਕੇ ਆਪਣੀ ਮਾਸੀ ਨੂੰ ਮਿਲਣ ਜਾ ਰਿਹਾ ਸੀ। ਇਸ ਦੌਰਾਨ ਸਿੱਧੂ ਦੇ ਨਾਲ ਉਸ ਦਾ ਗੁਆਂਢੀ ਤੇ ਇਕ ਚਚੇਰਾ ਭਰਾ ਵੀ ਥਾਰ ਵਿਚ ਮੌਜੂਦ ਸੀ। ਹਮਲਾਵਰਾਂ ਨੇ ਪਹਿਲਾਂ ਗੱਡੀ ਦਾ ਪਿੱਛਾ ਕੀਤਾ ਤੇ ਫਿਰ ਮੌਕਾ ਪਾ ਕੇ ਥਾਰ ਉਤੇ ਅੰਨ੍ਹਵਾਹ ਗੋਲੀਆਂ ਚਲਾ ਕੇ ਸਿੱਧੂ ਦਾ ਕਤਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਮੂਸੇਵਾਲਾ ਦੀ ਸਕਿਓਰਿਟੀ ਵਾਪਸ ਲਈ ਗਈ ਸੀ।