ਇੰਡੀਗੋ ਏਅਰਲਾਈਨਜ਼ ਦੀ ਲਾਪਰਵਾਹੀ ਕਾਰਨ ਦਿੱਲੀ ਤੋਂ ਬੈਂਗਲੁਰੂ ਜਾ ਰਿਹਾ ਪਰਿਵਾਰ ਪਿਛਲੇ 20 ਘੰਟਿਆਂ ਤੋਂ ਹਵਾਈ ਅੱਡਿਆਂ 'ਤੇ ਫਸਿਆ ਹੋਇਆ ਹੈ। ਪਹਿਲਾਂ ਉਡਾਣਾਂ ਵਿੱਚ ਦੇਰੀ ਹੋਈ। ਕਨੈਕਟ ਕੀਤੀ ਫਲਾਈਟ ਖੁੰਝ ਗਈ। ਫਿਰ ਫਲਾਈਟ ਬਦਲੀ ਅਤੇ ਫਿਰ ਇੰਡੀਗੋ ਏਅਰਲਾਈਨ ਨੇ ਮੁੰਬਈ 'ਚ ਹੀ ਸਾਮਾਨ ਛੱਡ ਦਿੱਤਾ।ਪਰਿਵਾਰ ਬੈਂਗਲੁਰੂ ਏਅਰਪੋਰਟ 'ਤੇ ਸਮਾਨ ਦੀ ਉਡੀਕ ਕਰ ਰਿਹਾ ਹੈ।
ਪਾਮ ਰੋਜ਼ ਸੁਸਾਇਟੀ ਜਲੰਧਰ ਦੇ ਰਹਿਣ ਵਾਲੇ ਅਮਿਤ ਸ਼ਰਮਾ ਨੇ ਦੱਸਿਆ ਕਿ ਉਹ ਦੋ ਪਰਿਵਾਰਕ ਮੈਂਬਰਾਂ ਨਾਲ ਬੈਂਗਲੁਰੂ ਜਾ ਰਹੇ ਸਨ। 14 ਜਨਵਰੀ ਨੂੰ ਉਨ੍ਹਾਂ ਦੀ ਸ਼ਾਮ 4:15 ਵਜੇ ਦਿੱਲੀ ਤੋਂ ਮੁੰਬਈ ਲਈ ਫਲਾਈਟ ਸੀ, ਜਿਸ ਨੇ ਸ਼ਾਮ 6:30 ਵਜੇ ਮੁੰਬਈ ਟਰਮੀਨਲ 2 'ਤੇ ਪਹੁੰਚਣਾ ਸੀ। ਉਥੋਂ ਉਨ੍ਹਾਂ ਦੀ ਅਗਲੀ ਫਲਾਈਟ 8:10 ਵਜੇ ਸੀ। ਪਰ ਜਦੋਂ ਫਲਾਈਟ ਨੇ ਦਿੱਲੀ ਤੋਂ ਉਡਾਣ ਭਰੀ ਤਾਂ 8:10 ਹੋ ਚੁੱਕੇ ਸਨ। ਉਨ੍ਹਾਂ ਦੀ ਮੁੰਬਈ ਤੋਂ ਬੈਂਗਲੁਰੂ ਦੀ ਫਲਾਈਟ ਮਿਸ ਹੋ ਗਈ।
ਇੰਡੀਗੋ ਨੇ ਅਗਲੀ ਫਲਾਈਟ ਦਾ ਸਮਾਂ ਸਵੇਰੇ 11 ਵਜੇ ਦਿੱਤਾ। ਪਰ ਦਿੱਲੀ ਤੋਂ ਆਈ ਫਲਾਈਟ ਨੇ ਉਨ੍ਹਾਂ ਨੂੰ ਮੁੰਬਈ ਦੇ ਟਰਮੀਨਲ 2 'ਤੇ ਉਤਾਰ ਦਿੱਤਾ। ਜਦੋਂਕਿ ਅਗਲੀ ਫਲਾਈਟ ਟਰਮੀਨਲ ਵਨ ਤੋਂ ਸੀ। ਉਥੋਂ ਉਹ ਟੈਕਸੀ ਲੈ ਕੇ ਟਰਮੀਨਲ 1 ਉਤੇ ਗਏ। ਏਅਰਪੋਰਟ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ 11 ਵਜੇ ਦੀ ਫਲਾਈਟ ਰਵਾਨਾ ਹੋ ਚੁੱਕੀ ਸੀ। ਜਦੋਂ ਉਨ੍ਹਾਂ ਨੇ ਇੰਡੀਗੋ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਰਾਤ ਦੇ 2 ਵਜੇ ਦਾ ਫਲਾਈਟ ਦਾ ਸਮਾਂ ਦਿੱਤਾ ਗਿਆ। ਉਹ 2 ਵਜੇ ਮੁੰਬਈ ਤੋਂ ਫਲਾਈਟ 'ਚ ਸਵਾਰ ਹੋਏ ਅਤੇ ਦੋ ਘੰਟਿਆਂ ਬਾਅਦ ਬੈਂਗਲੁਰੂ ਪਹੁੰਚ ਗਏ।
ਬੈਂਗਲੁਰੂ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਇਕ ਹੋਰ ਝਟਕਾ ਲੱਗਾ ਜਦੋਂ ਉਨ੍ਹਾਂ ਨੂੰ ਏਅਰਪੋਰਟ 'ਤੇ ਆਪਣਾ ਸਾਮਾਨ ਨਹੀਂ ਮਿਲਿਆ। ਉਹ ਉਡੀਕਦੇ ਰਹੇ ਪਰ ਸਾਮਾਨ ਨਹੀਂ ਆਇਆ। ਕਿਸੇ ਨੂੰ ਕੁਝ ਪਤਾ ਨਹੀਂ ਸੀ। ਫਿਰ ਕਾਫੀ ਪੁੱਛਣ ਤੋਂ ਬਾਅਦ ਇੰਡੀਗੋ ਦੇ ਸਟਾਫ ਨੇ ਦੱਸਿਆ ਕਿ ਉਨ੍ਹਾਂ ਦੇ ਬੈਗ ਮੁੰਬਈ ਏਅਰਪੋਰਟ 'ਤੇ ਪਏ ਹਨ ਅਤੇ ਅਗਲੀ ਫਲਾਈਟ 'ਚ ਸਾਮਾਨ ਬੈਂਗਲੁਰੂ ਪਹੁੰਚ ਜਾਵੇਗਾ। 15 ਜਨਵਰੀ ਨੂੰ 2 ਵਜੇ ਤੱਕ ਅਮਿਤ ਸ਼ਰਮਾ ਅਤੇ ਉਨ੍ਹਾਂ ਦਾ ਪਰਿਵਾਰ ਬੈਂਗਲੁਰੂ ਹਵਾਈ ਅੱਡੇ 'ਤੇ ਆਪਣੇ ਸਾਮਾਨ ਦੀ ਉਡੀਕ ਕਰ ਰਿਹਾ ਹੈ। ਇੰਡੀਗੋ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ 2 ਵਜੇ ਦੀ ਫਲਾਈਟ ਰਾਹੀਂ ਉਨਾਂ ਦਾ ਸਾਮਾਨ ਮਿਲ ਜਾਵੇਗਾ।
ਪਤਾ ਨਹੀਂ ਬੈਗ ਮਿਲਣਗੇ ਜਾਂ ਨਹੀਂ
ਅਮਿਤ ਸ਼ਰਮਾ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮਾੜਾ ਸਫਰ ਰਿਹਾ ਹੈ, ਜਿੱਥੇ ਉਸ ਨੂੰ ਇੰਡੀਗੋ ਏਅਰਲਾਈਨਜ਼ ਦੇ ਸਟਾਫ਼ ਵੱਲੋਂ ਪ੍ਰੇਸ਼ਾਨ ਕੀਤਾ ਗਿਆ। ਜਦੋਂ ਉਨ੍ਹਾਂ ਦੇ ਬੈਗ ਨਹੀਂ ਮਿਲੇ ਤਾਂ ਸਟਾਫ ਨੇ ਉਨ੍ਹਾਂ ਨੂੰ ਘਰ ਜਾਣ ਲਈ ਕਿਹਾ ਕਿ ਇਕ-ਦੋ ਦਿਨਾਂ ਵਿਚ ਬੈਗ ਉਨ੍ਹਾਂ ਦੇ ਘਰ ਪਹੁੰਚ ਜਾਣਗੇ। ਜਦੋਂ ਉਹ ਨਾ ਮੰਨੇ ਤਾਂ ਸਟਾਫ ਨੇ ਬੈਗਾਂ ਦੀ ਤਲਾਸ਼ੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮੁੰਬਈ ਏਅਰਪੋਰਟ ਤੋਂ ਬੈਗ ਕਿਸੇ ਨੇ ਚੁੱਕੇ ਹੀ ਨਹੀਂ। ਹੁਣ ਵੀ ਉਹ ਬੈਂਗਲੁਰੂ ਏਅਰਪੋਰਟ 'ਤੇ ਹੀ ਬੈਠੇ ਹਨ, ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਆਪਣਾ ਸਾਮਾਨ ਮਿਲੇਗਾ ਜਾਂ ਨਹੀਂ।