ਜਨ ਸ਼ਤਾਬਦੀ ਐਕਸਪ੍ਰੈਸ ਟਰੇਨ ਦੇ ਏਸੀ 1 ਕੋਚ ਵਿੱਚ ਅਚਾਨਕ ਇੱਕ ਸੱਪ ਨਿਕਲਿਆ । ਸੱਪ ਨੂੰ ਦੇਖ ਕੇ ਕੋਚ 'ਚ ਮੌਜੂਦ ਲੋਕਾਂ 'ਚ ਹਫੜਾ-ਦਫੜੀ ਮਚ ਗਈ। ਯਾਤਰੀ ਆਪਣੀਆਂ ਸੀਟਾਂ ਛੱਡ ਕੇ ਭੱਜਣ ਲੱਗੇ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਟਰੇਨ ਭੋਪਾਲ ਤੋਂ ਜਬਲਪੁਰ ਜਾ ਰਹੀ ਸੀ।
ਏਸੀ ਕੋਚ ਦੇ ਸਮਾਨ ਰੱਖਣ ਵਾਲੇ ਰੈਕ 'ਤੇ ਦਿਸਿਆ ਸੱਪ
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਟਰੇਨ ਦੇ ਏਸੀ ਕੋਚ 'ਚ ਸਮਾਨ ਰੱਖਣ ਵਾਲੇ ਰੈਕ 'ਤੇ ਅਚਾਨਕ ਇਕ ਕਾਲਾ ਸੱਪ ਹੇਠਾਂ ਵੱਲ ਨੂੰ ਲਟਕ ਗਿਆ। ਇਸ ਨੂੰ ਦੇਖ ਕੇ ਆਪਣੀ ਸੀਟ 'ਤੇ ਬੈਠੇ ਲੋਕ ਡਰ ਜਾਂਦੇ ਹਨ ਅਤੇ ਤੁਰੰਤ ਆਪਣੀ ਸੀਟ ਛੱਡ ਕੇ ਦੂਜੀ ਜਗ੍ਹਾ ਚਲੇ ਜਾਂਦੇ ਹਨ। ਲੋਕਾਂ ਦੇ ਚਿਹਰਿਆਂ 'ਤੇ ਡਰ ਸਾਫ਼ ਦਿਖਾਈ ਦੇ ਰਿਹਾ ਸੀ। ਇਸ ਦੌਰਾਨ ਕੁਝ ਲੋਕ ਸੱਪਾਂ ਦੀ ਵੀਡੀਓ ਬਣਾਉਂਦੇ ਨਜ਼ਰ ਆਏ।
ਰੇਲਵੇ ਅਧਿਕਾਰੀ ਜਾਂਚ 'ਚ ਜੁਟੇ
ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟਰੇਨ ਦੇ ਇਕ ਡੱਬੇ 'ਚ ਸੱਪ ਨੂੰ ਰੇਂਗਦਾ ਦੇਖਿਆ ਗਿਆ, ਜਿਸ ਤੋਂ ਬਾਅਦ ਯਾਤਰੀਆਂ ਨੇ ਅਲਾਰਮ ਉਠਾਇਆ ਅਤੇ ਟਰੇਨ ਦੇ ਸਟਾਫ ਨੂੰ ਸੂਚਨਾ ਦਿੱਤੀ। ਮੁਲਾਜ਼ਮਾਂ ਨੇ ਸਾਵਧਾਨੀ ਦਿਖਾਉਂਦੇ ਹੋਏ ਸੱਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਘਟਨਾ ਤੋਂ ਬਾਅਦ ਰੇਲਵੇ ਸੁਰੱਖਿਆ ਬਲ (ਆਰਪੀਐਫ) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਬਾਹਰੀ ਵਿਅਕਤੀ ਨੇ ਜਾਣਬੁੱਝ ਕੇ ਸੱਪ ਨੂੰ ਟਰੇਨ ਦੇ ਅੰਦਰ ਛੱਡਿਆ ਹੋ ਸਕਦਾ ਹੈ। ਰੇਲਵੇ ਨੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉਸ ਖੇਤਰ ਦੀ ਜਾਂਚ ਕੀਤੀ ਹੈ ਜਿੱਥੇ ਰੇਲਗੱਡੀਆਂ ਦੀ ਸਫਾਈ ਕੀਤੀ ਜਾਂਦੀ ਹੈ। ਹਾਲ ਹੀ 'ਚ 17322 ਜਸੀਡੀਹ-ਵਾਸਕੋ-ਦਾ-ਗਾਮਾ ਵੀਕਲੀ ਐਕਸਪ੍ਰੈੱਸ ਦੀ ਏਸੀ-2 ਬੋਗੀ 'ਚ ਇਕ ਜ਼ਹਿਰੀਲਾ ਸੱਪ ਦੇਖਿਆ ਗਿਆ।