ਪੰਜਾਬੀ ਗਾਇਕਾਂ ਦੇ ਸ਼ੋਅਜ਼ ਵਿਚ ਅਕਸਰ ਹੰਗਾਮਾ ਹੋ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਦੁਸਹਿਰੇ ਮੌਕੇ ਖੰਨਾ ਦੇ ਲਲਹੇੜੀ ਰੋਡ 'ਤੋਂ ਸਾਹਮਣੇ ਆਇਆ ਸੀ, ਜਿਥੇ ਪੰਜਾਬੀ ਗਾਇਕ ਗੁਲਾਬ ਸਿੱਧੂ ਸ਼ੋਅ ਲਾ ਰਹੇ ਸਨ ਕਿ ਉਨ੍ਹਾਂ ਦੇ ਸ਼ੋਅ ਵਿਚ ਹੰਗਾਮਾ ਹੋ ਗਿਆ।
ਗਾਇਕ ਗੁਲਾਬ ਸਿੱਧੂ ਦੇ ਬਾਊਂਸਰਾਂ ਨੇ ਸਟੇਜ 'ਤੇ ਖੜ੍ਹੇ ਨੌਜਵਾਨ ਤੇ ਇਕ ਬਜ਼ੁਰਗ ਬਾਪੂ ਨੂੰ ਸਟੇਜ ਉਤੋਂ ਧੱਕਾ ਮਾਰ ਦਿੱਤਾ, ਜਿਸ ਕਾਰਣ ਉਨ੍ਹਾਂ ਦੀ ਪੱਗ ਲੱਥ ਜਾਂਦੀ ਹੈ। ਇਸ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ। ਇਹ ਦੋਵੇਂ ਕਿਸਾਨ ਪਿਉ ਪੱਤਰ ਸਨ ਜਿਨ੍ਹਾਂ ਦੀ ਪੱਗ ਲਾਹ ਦਿੱਤੀ ਗਈ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬਜ਼ੁਰਗ ਆਦਮੀ ਕਹਿੰਦਾ ਨਜ਼ਰ ਆ ਰਿਹਾ ਹੈ, ਜਿਥੇ ਤੁਸੀਂ ਸ਼ੋਅ ਲਾ ਰਹੇ ਹੋ, ਉਹ ਜ਼ਮੀਨ ਉਨ੍ਹਾਂ ਦੀ ਹੈ ਅਤੇ ਤੁਸੀਂ ਸਾਨੂੰ ਹੀ ਧੱਕੇ ਮਾਰ ਰਹੇ ਹੋ। ਇਸ ਤੋਂ ਬਾਅਦ ਕਿਸਾਨ ਨੇ ਆਪਣੇ ਸਮਰਥਕਾਂ ਸਮੇਤ ਰੋਸ ਪ੍ਰਦਰਸ਼ਨ ਕੀਤਾ। ਹੰਗਾਮਾ ਜ਼ਿਆਦਾ ਵਧਦਾ ਦੇਖ ਗਾਇਕ ਗੁਲਾਬ ਸਿੱਧੂ ਨੂੰ ਸ਼ੋਅ ਵਿਚ ਹੀ ਬੰਦ ਕਰਨਾ ਪਿਆ।
ਕੀ ਕਿਹਾ ਗੁਲਾਬ ਸਿੱਧੂ ਨੇ
ਇਸ ਪੂਰੇ ਮਾਮਲੇ ਤੋਂ ਬਾਅਦ ਗਾਇਕ ਗੁਲਾਬ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਉਤੇ ਸਟੋਰੀ ਸਾਂਝੀ ਕੀਤੀ ਅਤੇ ਲਿਖਿਆ, 'ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ...ਕੱਲ੍ਹ ਰਾਤ ਜੋ ਵੀ ਹੋਇਆ ਬਹੁਤ ਗਲਤ ਹੋਇਆ ਮੈਂ ਬਾਪੂ ਜੀ ਨਾਲ ਹਾਂ ਥੋਡੇ, ਜਿਹੜੇ ਬੰਦੇ ਨੇ ਵੀ ਇਹ ਘਟੀਆ ਹਰਕਤ ਕੀਤੀ ਹੈ, ਉਸਨੂੰ ਮਾਫ਼ ਨਈ ਕਰਨਾ ਅਤੇ ਜੇ ਮੇਰੇ ਕਰਕੇ ਵੀ ਕਿਸੇ ਦਾ ਦਿਲ ਦੁਖੀ ਹੋਇਆ ਹੋਵੇ ਤਾਂ ਮੈਂ ਦਿਲ ਤੋਂ ਮਾਫ਼ੀ ਮੰਗਦਾ...।' ਤੁਹਾਨੂੰ ਦੱਸ ਦੇਈਏ ਕਿ ਕਿਸਾਨ ਅਤੇ ਉਸਦੇ ਪਰਿਵਾਰ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਬਾਊਂਸਰਾਂ ਖਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਗਾਇਕ R ਨੇਤ ਦੇ ਸ਼ੋਅ ਦੌਰਾਨ ਟੈਂਟ ਡਿੱਗਿਆ
ਪੰਜਾਬੀ ਗਾਇਕ ਆਰ ਨੇਤ ਦੇ ਸ਼ੋਅ ਵਿਚ ਸਤੰਬਰ ਮਹੀਨੇ ਹਾਦਸਾ ਵਾਪਰਿਆ ਸੀ, ਜਿਥੇ ਪ੍ਰੋਗਰਾਮ ਚੱਲ ਰਿਹਾ ਸੀ ਲੋਕ ਸ਼ੋਅ ਦੇਖ ਰਹੇ ਸਨ, ਇਸੇ ਦੌਰਾਨ ਕੁਝ ਨੌਜਵਾਨ ਟੈਂਟਾਂ 'ਤੇ ਚੜ੍ਹ ਗਏ। ਜ਼ਿਆਦਾ ਲੋਕਾਂ ਦੇ ਚੜ੍ਹਨ ਕਾਰਨ ਟੈਂਟ ਹੇਠਾਂ ਡਿੱਗ ਗਿਆ। ਰਾਹਤ ਦੀ ਗੱਲ ਰਹੀ ਸੀ ਕਿ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਇਸ ਦੀ ਸੋਸ਼ਲ ਮੀਡੀਆ ਉਤੇ ਵੀਡੀਓ ਵੀ ਵਾਇਰਲ ਹੋਈ ਸੀ।
ਇਸ ਹਾਦਸੇ ਮਗਰੋਂ ਆਰ ਨੇਤ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦਿਆਂ ਦੱਸਿਆ ਹੈ ਕਿ ਇਸ ਹਾਦਸੇ 'ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਆਰ ਨੇਤ ਨੇ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ ਕਿ ਸਾਰੇ ਪਿਆਰ ਕਰਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ, ਮਲੋਟ ਸ਼ੋਅ ਦੀਆਂ ਸਵੇਰ ਤੋਂ ਖ਼ਬਰਾਂ ਚੱਲ ਰਹੀਆਂ ਹਨ। ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਗਾਇਕ AP ਢਿੱਲੋਂ ਦੇ ਘਰ ਦੇ ਅੱਗੇ ਫਾਇਰਿੰਗ
ਕੈਨੇਡਾ ਦੇ ਵੈਨਕੂਵਰ ਵਿੱਚ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ 2 ਸਤੰਬਰ ਨੂੰ ਫਾਇਰਿੰਗ ਹੋਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਸੀ । ਵੀਡੀਓ ਵਿੱਚ ਇੱਕ ਵਿਅਕਤੀ ਅੰਨ੍ਹੇਵਾਹ ਗੋਲੀਆਂ ਚਲਾ ਰਿਹਾ ਹੈ। ਵੀਡੀਓ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਾਇਰਲ ਹੋਈ ਸੀ। ਦਾਅਵਾ ਕੀਤਾ ਗਿਆ ਸੀ ਕਿ ਗੋਲੀਬਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰੋਹਿਤ ਗਦਾਰਾ ਨੇ ਕੀਤੀ ਸੀ।ਵੀਡੀਓ 15 ਸੈਕਿੰਡ ਦੀ ਹੈ। ਸ਼ੁਰੂ ਵਿੱਚ ਏ.ਪੀ.ਢਿੱਲੋਂ ਦਾ ਘਰ ਨਜ਼ਰ ਆ ਰਿਹਾ ਹੈ। ਇਸ ਦੇ ਬਾਹਰ ਇੱਕ ਕਾਰ ਖੜ੍ਹੀ ਹੈ। ਕਾਲੇ ਰੰਗ ਦਾ। ਇਸ ਦੇ ਹੇਠਾਂ ਪਹਿਲਾਂ ਹੀ ਅੱਗ ਲੱਗੀ ਹੋਈ ਹੈ। ਚਾਰ ਸਕਿੰਟਾਂ ਬਾਅਦ ਆਦਮੀ ਦਾ ਹੱਥ ਦਿਖਾਈ ਦਿੰਦਾ ਹੈ। ਉਸ ਦੇ ਹੱਥ ਵਿੱਚ ਬੰਦੂਕ ਹੈ। ਉਸ ਨੇ ਖੁਦ ਹੀ ਇਸ ਨੂੰ ਰਿਕਾਰਡ ਕਰਦੇ ਹੋਏ ਗੋਲੀਬਾਰੀ ਕੀਤੀ ਸੀ। ਉਸ ਨੇ 15 ਸੈਕਿੰਡ ਦੀ ਵੀਡੀਓ ਵਿੱਚ 14 ਗੋਲੀਆਂ ਚਲਾਈਆਂ।
ਕਰਨ ਔਜਲਾ 'ਤੇ ਹੋਇਆ ਹਮਲਾ
ਗੀਤਾਂ ਦੀ ਮਸ਼ੀਨ ਕਹੇ ਜਾਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਆਪਣੇ ਗੀਤਾਂ ਨਾਲ ਫੈਨਜ਼ ਦੇ ਦਿਲਾਂ ਉਤੇ ਰਾਜ ਕਰਦੇ ਹਨ। ਇਸ ਦੇ ਨਾਲ ਕਲਾਕਾਰ ਨੇ ਕਈ ਖਿਤਾਬ ਵੀ ਆਪਣੇ ਨਾਂ ਕੀਤੇ ਹਨ। ਕਰਨ ਔਜਲਾ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਤੱਕ ਆਪਣੀ ਕਲਾਕਾਰੀ ਦਾ ਲੋਹਾ ਮਨਵਾਇਆ ਹੈ।ਗਾਇਕ ਨੇ ਅੱਗੇ ਕਿਹਾ ਜੇਕਰ ਤੁਹਾਨੂੰ ਮੇਰੇ ਨਾਲ ਕੋਈ ਸਮੱਸਿਆ ਹੈ ਤਾਂ ਸਿੱਧੇ ਸਟੇਜ ‘ਤੇ ਆ ਕੇ ਗੱਲ ਕਰੋ ਕਿਉਂਕਿ ਮੈਂ ਕੁਝ ਗਲਤ ਨਹੀਂ ਕਹਿ ਰਿਹਾ। ਇਸ ਦੌਰਾਨ ਸੁਰੱਖਿਆ ਗਾਰਡ ਬੂਟ ਸੁੱਟਣ ਵਾਲੇ ਨੂੰ ਫੜ ਕੇ ਲੈ ਗਏ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ।
ਤੌਬਾ-ਤੌਬਾ ਗੀਤ ਦਰਸ਼ਕਾਂ ਨੂੰ ਆਇਆ ਖੂਬ ਪਸੰਦ
ਕਰਨ ਦਾ ਗੀਤ ਤੌਬਾ-ਤੌਬਾ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ। ਗਾਇਕ ਕਰਨ ਔਜਲਾ ਨਾਲ ਸਟੇਜ ਉਤੇ ਕੁਝ ਅਜਿਹਾ ਵਾਪਰਿਆ, ਜਿਸ ਨੂੰ ਵੇਖ ਸਬ ਹੈਰਾਨ ਸਨ। ਦੱਸ ਦੇਈਏ ਕਿ ਜਦੋਂ ਕਰਨ ਲੰਡਨ 'ਚ ਸਟੇਜ 'ਤੇ ਗਾ ਰਹੇ ਹੁੰਦੇ ਹਨ ਤਾਂ ਭੀੜ 'ਚ ਇਕ ਨੌਜਵਾਨ ਨੇ ਗਾਇਕ 'ਤੇ ਬੂਟ ਸੁੱਟ ਦਿੱਤਾ, ਜੋ ਗਾਇਕ ਦੇ ਮੂੰਹ 'ਤੇ ਜਾ ਕੇ ਵੱਜਿਆ। ਇਸੇ ਦੌਰਾਨ ਗੁੱਸੇ ਨਾਲ ਲਾਲ ਹੋਇਆ ਗਾਇਕ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ‘ਤੇ ਬੂਟ ਸੁੱਟ ਕੇ ਮੈਨੂੰ ਮਾਰੋ।
ਪੰਜਾਬੀ ਗਾਇਕ ਬੱਬੂ ਮਾਨ ਨੇ ਕਰਨ ਔਜਲਾ 'ਤੇ ਹੋਏ ਹਮਲੇ ਦੀ ਕੀਤੀ ਸੀ ਅਲੋਚਨਾ
ਇਸ ਤਰ੍ਹਾਂ ਦੀ ਘਟਨਾ ਤੋਂ ਬਾਅਦ ਪੰਜਾਬੀ ਗਾਇਕ ਤੇ ਕਲਾਕਾਰਾਂ ਦੇ ਮਿਰਜ਼ੇ ਕਹੇ ਜਾਣ ਵਾਲੇ ਗਾਇਕ ਬੱਬੂ ਮਾਨ ਨੇ ਅਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ, ਸਗੋਂ ਨਵੇਂ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ, ਕਰਨ ਸਾਡਾ ਛੋਟਾ ਭਰਾ ਹੈ। ਪ੍ਰਸ਼ਾਸਨ ਤੇ ਪ੍ਰੋਗਰਾਮ ਪ੍ਰਬੰਧਕਾਂ ਨੂੰ ਵੀ ਇਸ ਵੱਲ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਮਾਸਟਰ ਸਲੀਮ ਦੀ ਸ਼ੋਅ ਦੌਰਾਨ ਡਿੱਗ ਚੁੱਕੀ ਸਟੇਜ
ਮਾਸਟਰ ਸਲੀਮ ਵੀ ਪੰਜਾਬ ਦੇ ਜਾਣੇ ਪਛਾਣੇ ਗਾਇਕ ਹਨ। ਉਨ੍ਹਾਂ ਨੇ ਕਈ ਗੀਤ ਅਤੇ ਭੇਟਾਂ ਗਾਈਆਂ ਹਨ। ਗਾਇਕ ਸਲੀਮ ਦੇ ਸ਼ੋਅ ਵਿਚ ਵੀ ਉਦੋਂ ਹੰਗਾਮਾ ਹੋ ਗਿਆ ਸੀ, ਜਦੋਂ ਪ੍ਰੋਗਰਾਮ ਵਿਚ ਅਚਾਨਕ ਸਟੇਜ ਡਿੱਗ ਗਈ। ਹਾਲਾਂਕਿ ਇਸ ਦੌਰਾਨ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੀ। ਇਸ ਦੀ ਇਕ ਵੀਡੀਓ ਬਹੁਤ ਵਾਇਰਲ ਹੋਈ ਸੀ, ਜਿਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਸਟੇਜ ਉਤੇ ਕਾਫੀ ਲੋਕ ਚੜ੍ਹ ਗਏ ਸਨ, ਜਿਸ ਕਾਰਣ ਸਟੇਜ ਹੇਠਾਂ ਡਿੱਗ ਗਈ। ਜਦਕਿ ਗਾਇਕ ਸਲੀਮ ਕਹਿੰਦੇ ਰਹੇ ਕਿ ਪਲੀਜ਼ ਸਟੇਜ ਉਤੇ ਸਾਰੇ ਨਾ ਚੜ੍ਹੋ ਪਰ ਇਹ ਹਾਦਸਾ ਵਾਪਰ ਗਿਆ।