ਉੱਤਰ ਪ੍ਰਦੇਸ਼ ਦੇ ਅਮਰੋਹਾ 'ਚ ਘਰ 'ਚ ਸੌਂ ਰਹੇ 7 'ਚੋਂ 5 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਅੰਗੀਠੀ ਬਾਲ ਕੇ ਸੁੱਤਾ ਹੋਇਆ ਸੀ, ਜਿਸ ਕਾਰਨ ਦਮ ਘੁੱਟਣ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਖਾਣਾ ਖਾ ਕੇ ਸੁੱਤਾ ਪਰਿਵਾਰ
ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਸੈਦੰਗਲੀ ਥਾਣਾ ਖੇਤਰ ਦੇ ਅਲੀਪੁਰ ਭੂਦ ਪਿੰਡ 'ਚ ਸੋਮਵਾਰ ਰਾਤ ਨੂੰ ਰਈਸੁਦੀਨ ਦਾ ਪਰਿਵਾਰ ਖਾਣਾ ਖਾ ਕੇ ਸੌਂ ਗਿਆ। ਮੰਗਲਵਾਰ ਸ਼ਾਮ ਤੱਕ ਜਦੋਂ ਕੋਈ ਘਰੋਂ ਬਾਹਰ ਨਹੀਂ ਨਿਕਲਿਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਉਨਾਂ ਨੇ ਦੱਸਿਆ ਕਿ ਜਦੋਂ ਫੋਨ ਕਰਨ 'ਤੇ ਕੋਈ ਜਵਾਬ ਨਾ ਆਇਆ ਤਾਂ ਉਹ ਘਰ ਦੇ ਪਿਛਲੇ ਪਾਸਿਓਂ ਕੰਧ ਟੱਪ ਕੇ ਕਮਰੇ ਦਾ ਗੇਟ ਤੋੜ ਕੇ ਅੰਦਰ ਦਾਖਲ ਹੋਏ। ਅੰਦਰ ਸੱਤ ਲੋਕ ਬੇਹੋਸ਼ ਪਏ ਸਨ। ਜਿਸ ਤੋਂ ਬਾਅਦ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਪੰਜਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਦਮ ਘੁੱਟਣ ਕਾਰਨ ਮੌਤ
ਠੰਡ ਤੋਂ ਬਚਣ ਲਈ ਪਰਿਵਾਰ ਘਰ ਵਿੱਚ ਅੰਗੀਠੀ ਬਾਲ ਕੇ ਸੌਂ ਗਿਆ। ਪਰ ਘਰ ਧੂੰਏਂ ਨਾਲ ਭਰ ਗਿਆ ਅਤੇ ਪਰਿਵਾਰ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਮਰੇ ਵਿੱਚ ਅੰਗੀਠੀ ਬਾਲਣ ਨਾਲ ਮੌਤ ਕਿਉਂ ਹੁੰਦੀ ਹੈ?
ਜਦੋਂ ਵੀ ਕਿਸੇ ਬੰਦ ਕਮਰੇ ਵਿੱਚ ਅੰਗੀਠੀ ਜਾਂ ਕੋਲਾ ਸਾੜਿਆ ਜਾਂਦਾ ਹੈ, ਤਾਂ ਇਹ ਕਮਰੇ ਵਿੱਚ ਮੌਜੂਦ ਸਾਰੀ ਆਕਸੀਜਨ ਦੀ ਵਰਤੋਂ ਕਰਦਾ ਹੈ। ਜ਼ਿਕਰਯੋਗ ਹੈ ਕਿ ਅੱਗ ਨੂੰ ਬਲਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਕਮਰੇ ਵਿੱਚ ਕਾਰਬਨ ਮੋਨੋਆਕਸਾਈਡ ਦੀ ਮਾਤਰਾ ਕਾਫ਼ੀ ਵੱਧ ਜਾਂਦੀ ਹੈ ਅਤੇ ਆਕਸੀਜਨ ਦਾ ਪੱਧਰ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਘਟਨਾ ਦਾ ਸਿੱਧਾ ਅਸਰ ਦਿਮਾਗ 'ਤੇ ਪੈਂਦਾ ਹੈ। ਆਕਸੀਜਨ ਦੀ ਕਮੀ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ ਅਤੇ ਕਈ ਵਾਰ ਤਾਂ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ।