ਪਾਕਿਸਤਾਨ ਵਿੱਚ ਆਮ ਚੋਣਾਂ ਤੋਂ ਪਹਿਲਾਂ ਖੈਬਰ ਪਖਤੂਨਖਵਾ ਦੇ ਇੱਕ ਥਾਣੇ ਵਿੱਚ ਬੰਬ ਧਮਾਕਾ ਹੋਇਆ ਹੈ। ਇਸ ਬੰਬ ਧਮਾਕੇ 'ਚ 10 ਪੁਲਿਸ ਮੁਲਾਜ਼ਮ ਮਾਰੇ ਗਏ ਹਨ, ਜਦਕਿ 6 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਪੁਲਿਸ ਨੇ ਇਸ ਬੰਬ ਧਮਾਕੇ ਨੂੰ ਅੱਤਵਾਦੀ ਹਮਲਾ ਦੱਸਿਆ ਹੈ।
ਤੜਕੇ 3:30 ਵਜੇ ਹੋਇਆ ਹਮਲਾ
ਪੁਲਿਸ ਨੇ ਦੱਸਿਆ ਕਿ ਸੋਮਵਾਰ ਤੜਕੇ 3.30 ਵਜੇ ਡੇਰਾ ਇਸਮਾਈਲ ਖਾਨ ਜ਼ਿਲੇ ਦੇ ਪੁਲਿਸ ਸਟੇਸ਼ਨ 'ਤੇ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ਵਿਚ ਪੁਲਿਸ ਸਟੇਸ਼ਨ 'ਤੇ ਬੰਬ ਸੁੱਟਿਆ ਗਿਆ ਸੀ। ਜਿਸ 'ਚ 10 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ ਹੈ, ਜਦਕਿ 6 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਥਾਣੇ ਦੇ ਆਲੇ-ਦੁਆਲੇ ਸੁੱਟੇ ਗ੍ਰੇਨੇਡ, ਕੀਤੀ ਗੋਲੀਬਾਰੀ
ਪੁਲਿਸ ਨੇ ਅੱਗੇ ਦੱਸਿਆ ਕਿ ਕਰੀਬ 30 ਅੱਤਵਾਦੀਆਂ ਨੇ ਪੁਲਿਸ ਸਟੇਸ਼ਨ ਦੇ ਆਲੇ-ਦੁਆਲੇ ਹੈਂਡ ਗ੍ਰਨੇਡ ਸੁੱਟੇ ਸਨ। ਗ੍ਰਨੇਡ ਸੁੱਟਣ ਤੋਂ ਬਾਅਦ ਅੱਤਵਾਦੀਆਂ ਨੇ ਪੁਲਿਸ 'ਤੇ ਗੋਲੀਬਾਰੀ ਵੀ ਕੀਤੀ। ਇਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ। ਜਵਾਬ 'ਚ ਅੱਤਵਾਦੀ ਭੱਜਣ 'ਚ ਕਾਮਯਾਬ ਹੋ ਗਏ। ਅੱਤਵਾਦੀਆਂ ਖਿਲਾਫ ਸਰਚ ਆਪਰੇਸ਼ਨ ਜਾਰੀ ਹੈ।
8 ਫਰਵਰੀ ਨੂੰ ਹੋਣਗੀਆਂ ਆਮ ਚੋਣਾਂ
ਅਜੇ ਤੱਕ ਕਿਸੇ ਵੀ ਸੰਗਠਨ ਨੇ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ 8 ਫਰਵਰੀ ਨੂੰ ਆਮ ਚੋਣਾਂ ਹੋਣੀਆਂ ਹਨ। ਆਮ ਚੋਣਾਂ ਤੋਂ ਪਹਿਲਾਂ ਪੁਲਿਸ ਸਟੇਸ਼ਨ 'ਤੇ ਅੱਤਵਾਦੀਆਂ ਦੇ ਇਸ ਹਮਲੇ ਕਾਰਨ ਪਾਕਿਸਤਾਨ ਦੀ ਸਿਆਸਤ ਗਰਮਾ ਗਈ ਹੈ।