ਜਲੰਧਰ 'ਚ ਦੋ ਦਿਨ ਪਹਿਲਾਂ ਇਕ ਵਾਈਨ ਸ਼ਾਪ 'ਤੇ ਹੋਈ ਲੱਖਾਂ ਰੁਪਏ ਦੀ ਲੁੱਟ ਦੇ ਦੋ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਤੋਂ ਪਹਿਲਾਂ ਦੋਸ਼ੀ ਨੇ ਪੁਲਸ 'ਤੇ ਫਾਇਰਿੰਗ ਵੀ ਕੀਤੀ। ਜਵਾਬੀ ਗੋਲੀਬਾਰੀ 'ਚ ਦੋਸ਼ੀ ਨੂੰ ਗੋਲੀ ਮਾਰ ਦਿੱਤੀ ਗਈ। ਜ਼ਖ਼ਮੀ ਮੁਲਜ਼ਮ ਦੀ ਸੂਚਨਾ ’ਤੇ ਪੁਲਸ ਨੇ ਉਸ ਦੇ ਸਾਥੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਦੋ ਦਿਨ ਪਹਿਲਾਂ 66 ਫੁੱਟੀ ਰੋਡ ’ਤੇ ਇੱਕ ਵਾਈਨ ਸ਼ਾਪ ਵਿੱਚ ਬੰਦੂਕ ਦੀ ਨੋਕ ’ਤੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਦੋਂ ਸੀਆਈਏ ਸਟਾਫ਼ ਨੇ ਉਕਤ ਮੁਲਜ਼ਮਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਮੁਲਜ਼ਮਾਂ ਨੇ ਪੁਲਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ। ਮੁਲਜ਼ਮਾਂ ਵਿੱਚੋਂ ਇੱਕ ਦੀ ਲੱਤ ਵਿੱਚ ਗੋਲੀ ਲੱਗੀ ਹੈ। ਮੁਲਜ਼ਮਾਂ ਕੋਲੋਂ ਇੱਕ ਪਿਸਤੌਲ, 32 ਬੋਰ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।
ਡੀਸੀਪੀ ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਸੀਆਈਏ ਸਟਾਫ਼ ਦੇ ਇੰਚਾਰਜ ਹਰਜਿੰਦਰ, ਏਡੀਸੀਪੀ-2 ਭੁਪਿੰਦਰ ਸਿੰਘ, ਏਡੀਸੀਪੀ ਇਨਵੈਸਟੀਗੇਸ਼ਨ ਪਰਮਜੀਤ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
ਵਾਈਨ ਸ਼ਾਪ 'ਤੇ ਦਿੱਤਾ ਸੀ ਲੁੱਟ ਦੀ ਵਾਰਦਾਤ ਨੂੰ ਅੰਜਾਮ
ਕਮਿਸ਼ਨਰ ਚਾਹਲ ਨੇ ਦੱਸਿਆ ਕਿ 28 ਅਕਤੂਬਰ ਨੂੰ ਦੋ ਨਕਾਬਪੋਸ਼ ਮੁਲਜ਼ਮ ਸ਼ਰਾਬ ਦੀ ਦੁਕਾਨ ਵਿੱਚ ਦਾਖ਼ਲ ਹੋਏ ਸਨ। ਇਕ ਨੇ ਦੁਕਾਨਦਾਰ ਤੋਂ ਵਿਸਕੀ ਦੀ ਕੀਮਤ ਪੁੱਛੀ ਅਤੇ ਦੂਜੇ ਨੇ ਪਿਸਤੌਲ ਕੱਢ ਲਿਆ। ਮੁਲਜ਼ਮ ਨੇ ਦੁਕਾਨਦਾਰ ਨੂੰ ਡਰਾ ਕੇ ਉਸ ਦੇ ਗੱਲੇ ਵਿੱਚੋਂ ਪੈਸੇ ਕੱਢ ਲਏ ਅਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਭੱਜ ਗਏ।
ਦੋਵੇਂ ਮੁਲਜ਼ਮ ਗ੍ਰਿਫਤਾਰ
ਇਸ ਤੋਂ ਬਾਅਦ ਸੀਆਈਏ ਸਟਾਫ਼ ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ। ਇਸ ਦੌਰਾਨ ਪੁਲਸ ਨੇ ਮੁਲਜ਼ਮਾਂ ਨੂੰ ਟਰੇਸ ਕਰ ਲਿਆ, ਜਿਸ ਮਗਰੋਂ ਪੁਲਸ ਗੁਰਮੇਹਰ ਕਲੋਨੀ ਪੁੱਜੀ। ਜਿੱਥੇ ਉਨ੍ਹਾਂ ਨੇ ਸਵਰਨ ਸਿੰਘ ਨੂੰ ਦਸਮੇਸ਼ ਨਗਰ ਤੋਂ ਬਾਈਕ 'ਤੇ ਭਾਰਗੋ ਕੈਂਪ ਵੱਲ ਆਉਂਦੇ ਦੇਖਿਆ।ਸੀਆਈਏ ਸਟਾਫ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਸਵਰਨ ਸਿੰਘ ਨੇ ਮੋਟਰਸਾਈਕਲ ਪਿੱਛੇ ਮੋੜ ਲਿਆ ਤੇ ਕਾਹਲੀ ਵਿਚ ਡਿੱਗ ਪਿਆ। ਸਵਰਨ ਨੇ ਪਿਸਤੌਲ ਕੱਢ ਕੇ ਫਾਇਰ ਕਰ ਦਿੱਤਾ। ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਇੱਕ ਸਵਰਨ ਸਿੰਘ ਦੇ ਲੱਗੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਦੂਜੇ ਸਾਥੀ ਬਾਰੇ ਦੱਸਿਆ। ਉਸ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।