ਤਰਨਤਾਰਨ 'ਚ ਸਰਪੰਚੀ ਦੀ ਰੰਜਿਸ਼ ਨੂੰ ਲੈ ਕੇ ਪਿੰਡ ਦੇ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਆਗੂ ਜਗਰੂਪ ਸਿੰਘ ਚੀਮਾ ਨੂੰ ਹਮਲਾਵਰਾਂ ਨੇ ਘੇਰ ਕੇ ਗੋਲੀਆਂ ਮਾਰ ਦਿੱਤੀਆਂ, ਜਿਸ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਪੁਲਸ ਦੀ ਮੌਜੂਦਗੀ 'ਚ ਗੋਲੀਆਂ ਚਲਾ ਦਿੱਤੀਆਂ। ਪੀੜਤ ਪਰਿਵਾਰ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ।
ਪਹਿਲਾਂ ਘਰ 'ਤੇ ਗੋਲੀਆਂ ਚਲਾਈਆਂ
ਦੱਸਿਆ ਜਾ ਰਿਹਾ ਹੈ ਕਿ ਸਰਪੰਚ ਜਗਰੂਪ ਸਿੰਘ ਨੂੰ ਗੋਲੀ ਮਾਰਨ ਤੋਂ ਪਹਿਲਾਂ ਹਮਲਾਵਰਾਂ ਨੇ ਘਰ 'ਤੇ ਵੀ ਗੋਲੀਆਂ ਚਲਾਈਆਂ ਸਨ। ਜਦੋਂ ਹਮਲਾਵਰ ਘਰ 'ਤੇ ਫਾਇਰਿੰਗ ਕਰ ਕੇ ਭੱਜ ਰਹੇ ਸਨ ਤਾਂ ਉਨ੍ਹਾਂ ਨੇ ਜਗਰੂਪ ਨੂੰ ਰਸਤੇ 'ਚ ਦੇਖਿਆ ਤਾਂ ਉਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਉਹ ਜ਼ਖਮੀ ਹੋ ਗਿਆ।
ਚੋਣਾਂ ਜਿੱਤਣ ਤੋਂ ਬਾਅਦ ਤੋਂ ਹੀ ਧਮਕੀਆਂ ਦੇ ਰਹੇ ਸਨ
ਪੀੜਤ ਦੇ ਭਰਾ ਨੇ ਦੱਸਿਆ ਕਿ ਜਦੋਂ ਤੋਂ ਜਗਰੂਪ ਸਰਪੰਚ ਦੀ ਚੋਣ ਜਿੱਤਿਆ ਹੈ, ਉਦੋਂ ਤੋਂ ਉਸ ਨੂੰ ਧਮਕੀਆਂ ਦੇ ਫੋਨ ਆ ਰਹੇ ਹਨ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਤੈਨੂੰ ਮਾਰ ਦਿੱਤਾ ਜਾਵੇਗਾ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ। ਪਰ ਹਮਲਾਵਰਾਂ ਦੇ ਹੌਂਸਲੇ ਇੰਨੇ ਵਧ ਗਏ ਕਿ ਉਨ੍ਹਾਂ ਨੇ ਪਹਿਲਾਂ ਘਰ 'ਤੇ ਗੋਲੀਆਂ ਚਲਾਈਆਂ ਅਤੇ ਫਿਰ ਜਗਰੂਪ ਨੂੰ ਘੇਰ ਕੇ ਗੋਲੀਆਂ ਚਲਾ ਦਿੱਤੀਆਂ।
9 ਵਿਅਕਤੀਆਂ ਖਿਲਾਫ ਮਾਮਲਾ ਦਰਜ
ਇਸ ਘਟਨਾ ਤੋਂ ਬਾਅਦ ਪੁਲਸ ਨੇ 9 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਸਿਕੰਦਰ ਸਿੰਘ, ਬਲਵਿੰਦਰ ਸਿੰਘ, ਸਾਹਿਬ ਸਿੰਘ, ਅੰਮ੍ਰਿਤਪਾਲ ਸਿੰਘ, ਕਰਨਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਦਲੇਰ ਸਿੰਘ ਅਤੇ ਕਰਨਵੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।