ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਗੁਰਸ਼ਰਨ ਸਿੰਘ ਭਾਈ ਮੰਨਾ ਸਿੰਘ ਦਾ ਜਨਮ ਦਿਵਸ ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਵੱਲੋਂ ਮਨਾਇਆ ਗਿਆ। ਬੀਤੀ ਸ਼ਾਮ 29 ਸਤੰਬਰ ਦਿਨ ਐਤਵਾਰ ਨੂੰ ਬੀਬਾ ਕੁਲਵੰਤ ਅਤੇ ਸੰਤੋਖ ਸਿੰਘ ਢੇਸੀ ਦੀ ਰਹਿਨੁਮਾਈ ਹੇਠ ਹਰ ਸਾਲ ਦੀ ਤਰ੍ਹਾਂ ਇਪਟਾ ਪੰਜਾਬ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਪੰਜਾਬੀ ਨਾਟਕ ਦੇ ਬਾਬਾ ਬੋਹੜ ਸਰਦਾਰ ਗੁਰਸ਼ਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਾਟਕ, ਕਰੀਓਗ੍ਰਾਫੀ ਮੰਚਨ ਤੋਂ ਇਲਾਵਾ ਸਨਮਾਨ ਸਮਾਰੋਹ ਕਲਾ ਭਵਨ ਫਗਵਾੜਾ ਵਿਖੇ ਆਯੋਜਿਤ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਇਕਬਾਲ ਸਿੰਘ ਪੁਰੇਵਾਲ ਕੈਨੇਡਾ ਨੇ ਕੀਤੀ। ਨਾਟਕ ਦੇ ਲੇਖਕ ਡਾ. ਦੇਵਿੰਦਰ ਕੁਮਾਰ ਨੇ ਨਾਟਕ ਦੇ ਸਮਾਜਕ ਪੱਖ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਨਾਟਕ ਸਮਾਜ ਨੂੰ ਸੇਧ ਦੇਣ ਦਾ ਸਸ਼ੱਕਤ ਮਾਧਿਅਮ ਹਨ। ਪੰਜਾਬੀ ਅਧਿਆਪਕਾ ਕੁਲਵਿੰਦਰ ਕੌਰ ਵਲੋਂ ਤਿਆਰ ਕਰਵਾਈ ਗਈ ਭਗਤ ਸਿੰਘ ਦੇ ਜੀਵਨ ਬਾਰੇ ਕੋਰੀਓਗ੍ਰਾਫੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੀ ਗਈ।
ਇਸ ਮੌਕੇ ਪ੍ਰੋਫੈਸਰ ਡਾ. ਕਿਰਨਦੀਪ ਸਿੰਘ ਮੁਖੀ ਪੰਜਾਬੀ ਵਿਭਾਗ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਅਤੇ ਅਮਰਜੀਤ ਖਟਕੜ ਡਿਪਟੀ ਡੀ ਈ ਓ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਹੀਦ ਭਗਤ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਅਤੇ ਪ੍ਰੋਫੈਸਰ ਰਵਿੰਦਰ ਕੌਰ ਖਾਲਸਾ ਕਾਲਜ ਡੁਮੇਲੀ ਨੂੰ ਸਰਦਾਰ ਗੁਰਸ਼ਰਨ ਸਿੰਘ ਨਾਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਇਸ ਉਪਰੰਤ ਨਸ਼ਿਆਂ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਰਣਜੀਤ ਗਮਨੂੰ ਬਾਂਸਲ ਦੀ ਨਿਰਦੇਸ਼ਨਾ ਹੇਠ ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਦੇ ਕਲਾਕਾਰਾਂ ਵੱਲੋਂ ਡਾ. ਦੇਵਿੰਦਰ ਕੁਮਾਰ ਦਾ ਲਿਖਿਆ ਨਾਟਕ "ਇਹ ਕੇਹੀ ਰੁੱਤ ਆਈ" ਪੇਸ਼ ਕੀਤਾ ਗਿਆ।
ਕਲਾਕਾਰਾਂ ਦੀ ਅਦਾਕਾਰੀ ਤੇ ਸੰਗੀਤ ਦੇ ਸੁਮੇਲ ਨੇ ਦਰਸ਼ਕਾਂ ਨੂੰ ਸਾਰਾ ਸਮਾਂ ਕੀਲੀ ਰੱਖਿਆ ਤੇ ਨਾਟਕ ਆਪਣਾ ਗਹਿਰਾ ਪ੍ਰਭਾਵ ਛੱਡਣ ਵਿੱਚ ਸਫਲ ਰਿਹਾ। ਇਸ ਨਾਟਕ ਵਿੱਚ ਡਾ. ਇੰਦਰਜੀਤ ਪਾਲ, ਕੁਲਵਿੰਦਰ ਕੌਰ, ਅਜੇ ਬਾਂਸਲ, ਬਬੀਤ ਧੁਲੇਤਾ, ਤਲਵਿੰਦਰ ਸਿੰਘ, ਸੁਨੀਤਾ ਸੰਧੂ, ਮੇਜਰ, ਕਮਲ, ਕ੍ਰਿਸ਼ਕ ਨਬੀਤਾ ਚੰਬਾ, ਤਨਵੀਰ, ਰਾਜ ਕੁਮਾਰ, ਜੈਸਮੀਨ, ਅਮਨਿੰਦਰ ਚੰਬਾ ਅਤੇ ਕਮਲ ਨੇ ਆਪੋ ਆਪਣੀਆਂ ਭੂਮਿਕਾਵਾਂ ਬਾਖੂਬੀ ਨਿਭਾਈਆਂ ਤੇ ਸੰਗੀਤ ਤੇ ਰੋਸ਼ਨੀ ਦੀ ਜਿੰਮੇਵਾਰੀ ਅਗਮਦੀਪ ਵੱਲੋਂ ਨਿਭਾਈ ਗਈ।
ਮੰਚ ਸੰਚਾਲਨ ਦੀ ਭੂਮਿਕਾ ਡਾ. ਇੰਦਰਜੀਤ ਪਾਲ ਅਤੇ ਡਾ.ਦੇਵਿੰਦਰ ਕੁਮਾਰ ਜੀ ਵੱਲੋਂ ਸਾਂਝੇ ਤੌਰ ਉਤੇ ਨਿਭਾਈ ਗਈ। ਆਪਣੇ ਭਾਸ਼ਣ ਵਿੱਚ ਡਾ. ਕਿਰਨਦੀਪ ਨੇ ਨਾਟਕ ਦੀ ਪ੍ਰਭਾਵਪੂਰਨ ਪੇਸ਼ਕਾਰੀ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਕਰਵਾਉਣ ਦਾ ਵਾਅਦਾ ਕੀਤਾ।
ਅਮਰਜੀਤ ਖਟਕੜ ਨੇ ਕਿਹਾ ਕਿ ਅਜਿਹੀਆਂ ਪੇਸ਼ਕਾਰੀਆਂ ਹਰ ਪਿੰਡ ਤੇ ਹਰ ਵਿਦਿਅਕ ਅਦਾਰੇ ਵਿੱਚ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਸਮਾਗਮ ਵਿੱਚ ਦਰਸ਼ਕਾਂ ਦਾ ਭਾਰੀ ਇਕੱਠ ਹੋਇਆ। ਇਸ ਸਮੇਂ ਤਰਸੇਮ ਸਿੰਘ ਪ੍ਰਧਾਨ ਦੁਆਬਾ ਕਿਸਾਨ ਯੂਨੀਅਨ, ਗੁਰਮੀਤ ਸਿੰਘ ਪਾਹੜਾ ਪ੍ਰਧਾਨ ਇਪਟਾ ਗੁਰਦਾਸਪੁਰ, ਅਰਜਨ ਦੇਵ, ਪ੍ਰਿੰਸੀਪਲ ਸੁਰਿੰਦਰ ਪਾਲ, ਕੇ.ਕੇ. ਸਿੰਘ, ਜੱਸੀ, ਸੁਰਿੰਦਰ ਪਾਲ, ਜਤਿੰਦਰ, ਹਰਮੀਤ ਸਿੰਘ, ਸੁਖਦੇਵ ਗੰਡਮ, ਹਰਮੇਸ਼ ਪਹਿਲਵਾਨ ਆਦਿ ਹਾਜ਼ਰ ਸਨ।