PSPCL ਨੇ ਜਲੰਧਰ ਅਤੇ ਫਗਵਾੜਾ ਦੇ ਵੱਖ-ਵੱਖ ਇਲਾਕਿਆਂ ਵਿਚ ਸਵੇਰੇ ਤੜਕੇ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ। ਇਸ ਸਬੰਧੀ ਉਪ ਮੁੱਖ ਇੰਜੀਨੀਅਰ ਹਲਕਾ ਜਲੰਧਰ ਇੰਜੀ. ਗੁਲਸ਼ਨ ਕੁਮਾਰ ਚੁਟਾਨੀ ਨੇ ਦੱਸਿਆ ਕਿ ਮਾਣਯੋਗ ਡਾਇਰੈਟਰ ਡਿਸਟ੍ਰਿਬਿਊਸ਼ਨ ਅਤੇ ਮੁੱਖ ਇੰਜੀ. ਨਾਰਥ ਜ਼ੋਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਹ ਚੈਕਿੰਗ ਮੁਹਿੰਮ ਚਲਾਈ ਗਈ।
17 ਟੀਮਾਂ ਨੇ ਕੀਤੀ ਚੈਕਿੰਗ
ਇਸ ਦੌਰਾਨ ਜਲੰਧਰ ਸਰਕਲ ਦੇ 4 ਮੰਡਲ ਦਫਤਰ ਤੇ ਫਗਵਾੜਾ ਮੰਡਲ ਦਫਤਰ ਅਧੀਨ ਆਉਂਦੇ ਇਲਾਕਿਆਂ ਵਿਖੇ ਕੁੱਲ 17 ਟੀਮਾਂ ਵਲੋਂ ਚੈਕਿੰਗ ਕੀਤੀ ਗਈ, ਜਿਸ ਦੀ ਅਗਵਾਈ ਇੰਜੀ. ਸੰਨੀ ਭਾਗਰਾ, ਵਧੀਕ ਨਿਗਰਾਨ ਇੰਜੀ. ਪੱਛਮ ਮੰਡਲ ਜਲੰਧਰ ਅਤੇ ਇੰਜੀ. ਅਵਤਾਰ ਸਿੰਘ, ਵਧੀਕ ਨਿਗਰਾਨ ਇੰਜੀ. ਕੈਂਟ ਮੰਡਲ, ਇੰਜੀ. ਹਰਦੀਪ ਕੁਮਾਰ, ਵਧੀਕ ਨਿਗਰਾਨ ਇੰਜੀ. ਫਗਵਾੜਾ ਮੰਡਲ ਤੇ ਇੰਜੀ. ਜਸਪਾਲ ਸਿੰਘ ਪਾਲ, ਸੀਨੀਅਰ ਕਾਰਜਕਾਰੀ ਇੰਜੀ. ਮਾਡਲ ਟਾਊਨ ਮੰਡਲ, ਜਲੰਧਰ ਵਲੋਂ ਕੀਤੀ ਗਈ।
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਹੋਈ ਚੈਕਿੰਗ
ਇੰਜੀ. ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਇਸ ਦੌਰਾਨ ਜਲੰਧਰ ਦੇ ਦੀਪ ਨਗਰ, ਰੰਧਾਵਾ ਮਸੰਦਾ, ਨੀਲਾ ਮਹਿਲ, ਲਾਭ ਸਿੰਘ ਨਗਰ, ਗੁਰਬੰਤਾ ਸਿੰਘ ਨਗਰ, ਬਸਤੀ ਪੀਰ ਦਾਦ, ਅਲੀ ਮੁਹੱਲਾ, ਪੱਕਾ ਬਾਗ, ਨੰਦਨਪੁਰਾ ਆਦਿ ਏਰੀਆ ਦੀ ਚੈਕਿੰਗ ਕੀਤੀ ਗਈ ਅਤੇ ਕੁੱਲ 725 ਕੁਨੈਕਸ਼ਨਾਂ ਦੀ ਚੈਕਿੰਗ ਕਰਦਿਆਂ 29 ਚੋਰੀ ਦੇ ਕੇਸ ਅਤੇ 16 ਵਾਧੂ ਲੋਡ ਦੇ ਕੇਸ ਫੜੇ ਗਏ।
ਫਗਵਾੜਾ ਦੇ ਇਲਾਕਿਆਂ 'ਚ ਚੈਕਿੰਗ
ਇਸੇ ਤਰ੍ਹਾਂ ਫਗਵਾੜਾ ਮੰਡਲ ਦਫਤਰ ਅਧੀਨ ਆਉਂਦੇ ਪਿੰਡ ਜਲਵੇਰਾ, ਹਦੀਆਬਾਦ, ਬਾਬਾ ਗਦੀਆ ਅਤੇ ਚਹੇੜੂ ਆਦਿ ਇਲਾਕਿਆਂ ਵਿਖੇ ਚੈਕਿੰਗ ਕਰਦਿਆਂ ਕੁੱਲ 223 ਖਾਤਿਆਂ ਦੀ ਚੈਕਿੰਗ ਕਰਦਿਆਂ 22 ਵਾਧੂ ਲੋਡ ਦੇ ਕੇਸ ਫੜੇ ਗਏ। ਉੱਪ ਮੁੱਖ ਇੰਜੀ. ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਅੱਜ ਦੀ ਇਸ ਸਪੈਸ਼ਲ ਚੈਕਿੰਗ ਮੁਹਿੰਮ ਦੌਰਾਨ ਚੈਕ ਕੀਤੇ ਗਏ ਕੁੱਲ 948 ਕੇਸਾਂ ਵਿੱਚ ਬਿਜਲੀ ਚੋਰੀ ਦੇ 29 ਕੇਸਾਂ ਵਿਚ ਕੁੱਲ 20.92 ਲੱਖ ਰੁਪਏ ਤੇ ਵਾਧੂ ਲੋਡ/ਅਨ-ਅਧਿਕਾਰਤ ਲੋਡ ਦੇ ਕੁੱਲ 46 ਕੇਸਾਂ ਵਿਚ 2.82 ਲੱਖ ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ ਹੈ।
ਖਪਤਕਾਰਾਂ ਨੂੰ ਕੀਤੀ ਗਈ ਅਪੀਲ
ਉਨ੍ਹਾਂ ਇਹ ਵੀ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਭਵਿੱਖ ਵਿਚ ਵੀ ਅਜਿਹੀਆਂ ਸਪੈਸ਼ਲ ਚੈਕਿੰਗ ਮੁਹਿੰਮ ਚਲਾਈਆਂ ਜਾਣਗੀਆਂ ਤਾਂ ਜੋ ਬਿਜਲੀ ਦੀ ਹੋ ਰਹੀ ਚੋਰੀ ਨੂੰ ਰੋਕਿਆ ਜਾ ਸਕੇ। ਖਪਤਕਾਰਾਂ ਨੂੰ ਜਾਗਰੂਕ ਕੀਤਾ ਗਿਆ ਕਿ ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਕ ਘਰੇਲੂ ਖਪਤਕਾਰਾਂ ਨੂੰ 2 ਮਹੀਨਿਆਂ ਦੀ 600 ਯੂਨਿਟਾਂ ਮੁਆਫ ਕੀਤੀਆਂ ਜਾ ਰਹੀਆ ਹਨ, ਇਸ ਕਰਕੇ ਖਪਤਕਾਰਾਂ ਨੂੰ ਬਿਜਲੀ ਚੋਰੀ ਤੋਂ ਗੁਰੇਜ਼ ਕਰਦਿਆਂ ਸੰਜਮ ਨਾਲ ਬਿਜਲੀ ਦੀ ਵਰਤੋਂ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।