ਮੱਧ ਪ੍ਰਦੇਸ਼ ਦੇ ਬੈਤੁਲ 'ਚ ਚੋਣ ਡਿਊਟੀ ਕਰ ਕੇ ਰਾਜਗੜ੍ਹ ਪਰਤ ਰਹੇ ਪੁਲਿਸ ਤੇ ਹੋਮਗਾਰਡ ਜਵਾਨਾਂ ਦੀ ਬੱਸ ਸ਼ਨੀਵਾਰ ਨੂੰ ਬੈਤੂਲ ਨੇੜੇ ਪਲਟ ਗਈ। ਇਸ ਹਾਦਸੇ 'ਚ ਬੱਸ 'ਚ ਸਵਾਰ 21 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 9 ਨੂੰ ਗੰਭੀਰ ਸੱਟਾਂ ਲੱਗੀਆਂ। ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬਾਕੀਆਂ ਦਾ ਸ਼ਾਹਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ।
40 ਜਵਾਨ ਸਵਾਰ ਸਨ
ਇਹ ਘਟਨਾ ਬੈਤੁਲ ਦੇ ਸ਼ਾਹਪੁਰ ਥਾਣਾ ਖੇਤਰ 'ਚ ਨੈਸ਼ਨਲ ਹਾਈਵੇਅ ਦੇ ਬਰੇਠਾ ਘਾਟ 'ਤੇ ਸ਼ਨੀਵਾਰ ਸਵੇਰੇ 4 ਵਜੇ ਵਾਪਰੀ। ਇਸ ਬੱਸ ਵਿੱਚ 40 ਜਵਾਨ ਸਵਾਰ ਸਨ। ਇਸ ਹਾਦਸੇ 'ਚ ਕਰੀਬ 21 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਸ਼ਾਹਪੁਰ 'ਚ ਭਰਤੀ ਕਰਵਾਇਆ ਗਿਆ ਹੈ।
ਇੱਕ ਨਹੀਂ ਦੋ ਟਰੱਕਾਂ ਨੇ ਮਾਰੀ ਟੱਕਰ
ਬੱਸ ਵਿੱਚ ਸਫ਼ਰ ਕਰ ਰਹੇ ਪੁਲਿਸ ਮੁਲਾਜ਼ਮ ਅਸ਼ੋਕ ਕੁਮਾਰ ਅਨੁਸਾਰ ਉਹ ਚੋਣਾਂ ਤੋਂ ਬਾਅਦ ਛਿੰਦਵਾੜਾ ਤੋਂ ਵਾਪਸ ਆ ਰਿਹਾ ਸੀ। ਬੱਸ ਵਿੱਚ 34 ਹੋਮਗਾਰਡ ਜਵਾਨ ਤੇ 6 ਪੁਲਿਸ ਮੁਲਾਜ਼ਮ ਸਵਾਰ ਸਨ। ਉਨ੍ਹਾਂ ਦੀ ਬੱਸ ਬਰੇਠਾ ਘਾਟ ਨੇੜੇ ਇਕ ਟਰੱਕ ਨਾਲ ਟਕਰਾ ਗਈ, ਜਿਸ ਤੋਂ ਬਾਅਦ ਬੱਸ ਸੜਕ ਤੋਂ ਉਤਰ ਗਈ। ਪਰ ਡਰਾਈਵਰ ਨੇ ਬੱਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਇਕ ਹੋਰ ਟਰੱਕ ਨੇ ਬੱਸ ਨੂੰ ਮੁੜ ਟੱਕਰ ਮਾਰ ਦਿੱਤੀ ਤੇ ਬੱਸ ਪਲਟ ਗਈ।
ਸ਼ਾਹਪੁਰ ਪੁਲਿਸ ਨੇ ਟੱਕਰ ਮਾਰਨ ਵਾਲੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਫਿਲਹਾਲ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।